

ਮਾਨਸਾ 17 ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) ਪੈਨਸ਼ਨਰਜ ਐਸੋਸੀਏਸ਼ਨ ਪਾਵਰ ਕਾਮ ਮੰਡਲ ਮਾਨਸਾ ਦੇ ਸਕੱਤਰ ਦਰਸ਼ਨ ਸਿੰਘ ਜੋਗਾ, ਪ੍ਰੈੱਸ ਸਕੱਤਰ ਜਗਜੀਤ ਸਿੰਘ ਜੋਗਾ, ਪ੍ਰਧਾਨ ਲਖਨ ਲਾਲ, ਜਥੇਬੰਦਕ ਸਕੱਤਰ ਕਰਮ ਸਿੰਘ ਜੋਗਾ, ਸੀਨੀਅਰ ਮੀਤ ਪ੍ਰਧਾਨ ਚਾਨਣ ਰਾਮ ਅਤੇ ਵਿੱਤ ਸਕੱਤਰ ਬਲਦੇਵ ਸਿੰਘ ਬਰਨਾਲਾ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਮੁਲਾਜਮ ਅਤੇ ਪੈਨਸ਼ਨਰਜ ਦੀਆਂ ਮੰਗਾਂ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ 31 ਦਸੰਬਰ 2015 ਤੋਂ ਪਹਿਲਾ ਰਿਹਾਇਰ ਹੋਏ ਕਰਮਚਾਰੀਆਂ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਵਿੱਚ ਸੋਧ ਕਰਾਉਣ ਸੋਧੇ ਹੋਏ ਸਕੇਲਾਂ ਦਾ ਸਾਢੇ ਪੰਜ ਸਾਲ ਦਾ ਬਕਾਇਆ, ਡੀ.ਏ. ਦੀਆਂ ਕਿਸ਼ਤਾਂ ਦਾ ਬਕਾਇਆ, 11% ਡੀਏ ਦੀਆਂ ਕਿਸ਼ਤਾਂ ਲਾਗੂ ਕਰਨ, ਕੈਸ਼ਲੈੱਸ ਸਕੀਮ ਲਾਗੂ ਕਰਨ, ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਆਦਿ ਮੰਗਾਂ ਨੂੰ ਲੈ ਕੇ ਮੁਲਾਜਮ ਅਤੇ ਪੈਨਸ਼ਨਰਜ ਲੰਮੇਂ ਸਮੇਂ ਤੋਂ ਸੰਘਰਸ਼ ਦੇ ਰਾਹ ਪਏ ਹੋਏ ਹਨ ਪ੍ਰੰਤੂ ਸਰਕਾਰ ਦੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਸਾਡੀ ਆਵਾਜ ਸਰਕਾਰ ਦੇ ਕੰਨਾਂ ਨੂੰ ਸੁਣਾਈ ਨਹੀਂ ਦੇ ਰਹੀ।
ਮੰਡਲ ਆਗੂਆਂ ਨੇ ਕਿਹਾ ਹੁਣ ਮੁਲਾਜਮ ਅਤੇ ਪੈਨਸ਼ਨਰਜ ਸਾਂਝੇ ਫਰੰਟ ਪੰਜਾਬ ਦੇ ਸੱਦੇ ਤੇ ਬੱਜਟ ਸੈਸ਼ਨ ਦੌਰਾਨ ਮੋਹਾਲੀ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਵਿੱਚ ਪਾਵਰ ਕਾਮ ਮੰਡਲ ਮਾਨਸਾ ਦੇ ਪੈਨਸ਼ਨਰਜ ਭਰਵੀਂ ਗਿਣਤੀ ਵਿੱਚ ਸ਼ਾਮਲ ਹੋਣਗੇ ਅਤੇ ਪੰਜਾਬ ਸਰਕਾਰ ਵੱਲੋਂ 21 ਤੋਂ 28 ਮਾਰਚ 2025 ਤੱਕ ਬਜਟ ਸੈਸ਼ਨ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁਲਾਜਮ ਅਤੇ ਪੈਨਸ਼ਨਰਜ 24,25 ਅਤੇ 26 ਮਾਰਚ ਨੂੰ ਮੋਹਾਲੀ ਵਿਖੇ ਸਾਂਝੇ ਤੌਰ ਤੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੀ ਕੜੀ ਵਜੋਂ 24 ਮਾਰਚ ਨੂੰ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਪਾਵਰ ਕਾਮ ਦੇ ਪੈਨਸ਼ਨਰਜ ਭਰਵੀ ਗਿਣਤੀ ਵਿੱਚ ਸ਼ਾਮਲ ਹੋਏ ਸਰਕਾਰ ਦੇ ਬੋਲੇ ਕੰਨਾਂ ਤੱਕ ਆਵਾਜ ਪਹੁੰਚਾਉਣਗੇ। ਉਹਨਾਂ ਕਿਹਾ ਕਿ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾਂ ਜੋ ਗਰੰਟੀਆਂ ਦਿੱਤੀਆਂ ਸਨ ਤੋਂ ਸਾਫ ਮੁਨਕਰ ਹੋ ਚੁੱਕੀ ਹੈ। ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਝੂਠੇ ਵਾਆਦਿਆਂ ਦੀ ਸਰਕਾਰ ਨੂੰ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਖਮਿਆਜਾ ਭੁਗਤਣਾ ਪਵੇਗਾ।























