

ਚੰਡੀਗੜ੍ਹ (ਸਾਰਾ ਯਹਾ): ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਸੱਭਿਆਚਾਰ ਚੰਗਾ ਹੈ, ਉੱਥੇ ਜਾ ਕੇ ਉਨ੍ਹਾਂ ਨੂੰ ਵਧੀਆ ਲੱਗਦਾ ਹੈ। ਯਾਦ ਰਹੇ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਇਸਲਾਮਾਬਾਦ ਜਾ ਕੇ ਸਿੱਧੂ ਕਈ ਵਿਵਾਦਾਂ ’ਚ ਆ ਚੁੱਕੇ ਸਨ। ਦੂਜੇ ਪਾਸੇ ਅਕਾਲੀ ਦਲ ਤੇ ਬੀਜੇਪੀ ਨੂੰ ਸਿੱਧੂ ਵੱਲੋਂ ਪਾਕਿਸਤਾਨ ਦੀ ਤਾਰੀਫ ਪਸੰਦ ਨਹੀਂ ਆ ਰਹੀ। ਦੋਵਾਂ ਪਾਰਟੀਆਂ ਨੇ ਸਿੱਧੂ ਦਾ ਅਸਤੀਫਾ ਮੰਗਿਆ ਹੈ। ਬੀਜੇਪੀ ਨੇ ਤਾਂ ਕਿਹਾ ਹੈ ਕਿ ਸਿੱਧੂ ਪਾਕਿਸਤਾਨ ਹੀ ਚਲਿਆ ਜਾਵੇ।
ਸਿੱਧੂ ਨੇ ਪਾਕਿਸਤਾਨ ਤੇ ਦੱਖਣ ਭਾਰਤ ਦੇ ਦੌਰੇ ਦੀ ਤੁਲਨਾ ਕਰਦਿਆਂ ਕਿਹਾ ਕਿ ਜਦੋਂ ਉਹ ਦੱਖਣ ਭਾਰਤ ਜਾਂਦੇ ਹਨ ਤਾਂ ਉੱਥੇ ਗੱਲਬਾਤ ਕਰਨ ਲਈ ਅੰਗਰੇਜ਼ੀ ਆਉਣਾ ਲਾਜ਼ਮੀ ਹੈ ਨਹੀਂ ਤਾਂ ਗੱਲ ਨਹੀਂ ਕੀਤੀ ਜਾ ਸਕਦੀ। ਉੱਥੋਂ ਦਾ ਖਾਣਾ ਵੀ ਜ਼ਿਆਦਾ ਸਮੇਂ ਤਕ ਨਹੀਂ ਖਾਧਾ ਜਾ ਸਕਦਾ ਪਰ ਪਾਕਿਸਤਾਨ ਵਿੱਚ ਉਹ ਆਪਣਾਪਣ ਮਹਿਸੂਸ ਕਰਦੇ ਹਨ। ਉੱਥੋਂ ਦੀ ਭਾਸ਼ਾ ਵੀ ਪੰਜਾਬ ਵਰਗੀ ਹੈ। ਉੱਥੇ ਜਾ ਕੇ ਉਨ੍ਹਾਂ ਨੂੰ ਚੰਗਾ ਲੱਗਦਾ ਹੈ।
ਸਿੱਧੂ ਨੇ ਕਸੌਲੀ ਵਿੱਚ ਚੱਲ ਰਹੇ 7ਵੇਂ ਲਿਟ ਫੈਸਟ ਵਿੱਚ ਕਿਹਾ ਕਿ ਉਹ ਇੱਕ ਵਾਰ ਨਹੀਂ, 5-6 ਵਾਰ ਪਾਕਿਸਤਾਨ ਗਏ ਹਨ। ਉੱਥੇ ਉਹ ਸ਼ਾਂਤੀ ਚਾਹੁੰਦੇ ਹਨ ਪਰ ਰਾਜਨੇਤਾ ਸ਼ਾਂਤੀ ਨਹੀਂ ਚਾਹੁੰਦੇ। ਸਿੱਧੂ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿੱਚ ਆਪਸੀ ਸਾਂਝ ਲਿਆਉਣ ਲਈ ਆਪਣੀ ਜਾਨ ਦੇਣ ਲਈ ਵੀ ਤਿਆਰ ਹਨ।
ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪਾਕਿਸਤਾਨੀ ਫੌਜ ਮੁਖੀ ਬਾਜਵਾ ਨੂੰ ਗਲ਼ੇ ਲਾਉਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਲਈ ਤਿਆਰ ਹਨ। ਇਸ ਲਈ ਉਨ੍ਹਾਂ ਖ਼ੁਸ਼ੀ ਵਿੱਚ ਉਨ੍ਹਾਂ ਨੂੰ ਆਪਣੀਆਂ ਬਾਹਾਂ ਵਿੱਚ ਭਰ ਲਿਆ ਸੀ।
EDITED BY : SARA YAHA | | Last Updated : 7:35 pm 14 October 2018























