

ਮਾਨਸਾ, 18 ਸਤੰਬਰ (ਬਲਜੀਤ ਸ਼ਰਮਾ ) : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਕਿਹਾ ਕਿ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਪੈ ਰਹੀਆਂ ਵੋਟਾਂ ਲਈ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵੋਟ ਪ੍ਰਕ੍ਰਿਆ ਨੂੰ ਸਫ਼ਲਤਾਪੂਰਵਕ ਸਿਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ 3300 ਪੋਲਿੰਗ ਸਟਾਫ਼ (ਸਮੇਤ ਰਿਜ਼ਰਵ ਸਟਾਫ਼) ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਰਿਹਰਸਲਾਂ ਤੋਂ ਬਾਅਦ ਅੱਜ ਪੋਲਿੰਗ ਬੂਥਾਂ ਲਈ ਚੋਣ ਸਮੱਗਰੀ ਦੇ ਕੇ ਰਵਾਨਾ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਚੋਣ ਅਮਲੇ ਨੂੰ ਹਦਾਇਤ ਕੀਤੀ ਕਿ ਵੋਟ ਦੀ ਗੁਪਤਤਾ ਬਰਕਰਾਰ ਰੱਖਣ ਲਈ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਵੋਟਰ ਧਿਆਨ ਵਿੱਚ ਆਉਂਦਾ ਹੈ, ਤਾਂ ਉਸ ਦੀ ਜਾਣਕਾਰੀ ਤੁਰੰਤ ਆਪਣੇ ਰਿਟਰਨਿੰਗ ਅਫ਼ਸਰ ਨੂੰ ਦਿੱਤੀ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੇ 11 ਚੋਣ ਹਲਕਿਆਂ ਲਈ 43 ਅਤੇ ਪੰਚਾਇਤ ਸੰਮਤੀਆਂ ਦੇ 89 ਚੋਣ ਹਲਕਿਆਂ ਲਈ 245 ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਲਈ ਜ਼ਿਲ੍ਹੇ ਦੇ 4 ਲੱਖ 17 ਹਜ਼ਾਰ 333 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ, ਇਸ ਲਈ ਆਪਣੇ ਵੋਟ ਦੇ ਅਧਿਕਾਰ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ, ਸਰਦੂਲਗੜ੍ਹ, ਬੁਢਲਾਡਾ, ਭੀਖੀ ਅਤੇ ਝੁਨੀਰ ਵਿਚ ਸ਼ਾਂਤਮਈ ਤਰੀਕੇ ਨਾਲ ਵੋਟਾਂ ਪੁਆਉਣ ਲਈ ਸੁਰੱਖਿਆ ਪੱਖੋਂ ਵੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ, ਜਿਸ ਲਈ 5 ਡੀ.ਐਸ.ਪੀਜ਼ ਸਮੇਤ 1500 ਪੰਜਾਬ ਪੁਲਿਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਨਾਲ ਸੰਵੇਦਨਸ਼ੀਲ ਸਟੇਸ਼ਨਾਂ ਦੀ ਦਰਜਾਬੰਦੀ ਕਰਕੇ ਸੁਰੱਖਿਆ ਵਿਵਸਥਾ ਦੇ ਕਰੜੇ ਅਤੇ ਮੁਕੰਮਲ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਦੇ ਪੰਜੇ ਚੋਣ ਹਲਕਿਆਂ ਲਈ 547 ਪੋਲਿੰਗ ਬੂਥ ਹਨ, ਜਿੰਨ੍ਹਾਂ ਵਿਚੋਂ 123 ਸੰਵੇਦਨਸ਼ੀਲ ਅਤੇ 54 ਅਤਿ-ਸੰਵੇਦਨਸ਼ੀਲ ਬੂਥ ਹਨ। ਵੋਟ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਇਨ੍ਹਾਂ ਬੂਥਾਂ ਤੇ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਬਿਨ੍ਹਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ।
EDITED BY : SARA YAHA | | Last Updated : 7:45 pm 18 September 2018























