

ਮਾਨਸਾ, 13 ਸਤੰਬਰ (ਬਲਜੀਤ ਸ਼ਰਮਾ ): ਗੰਭੀਰ ਟੀ.ਬੀ. ਦੇ ਮਰੀਜਾਂ ਨੁੰ ਪੋਸ਼ਣ ਸਹਾਇਤਾ (ਹਾਈ ਪ੍ਰੋਟੀਨ ਸਪਲੀਮੈਂਟ)ਵਜੋਂ ਸਰਕਾਰ ਵੱਲੋਂ ਪੰਜੀਰੀ ਮੁਹੱਈਆ ਕਰਵਾਈ ਜਾ ਰਹੀ ਹੈ। ਮਾਨਸਾ ਜਿਲੇ ਵਿੱਚ ਚੱਲ ਰਹੇ 22 ਗੰਭੀਰ ਟੀ.ਬੀ. ਦੇ ਮਰੀਜਾਂ ਨੂੰ ਅੱਜ ਸਿਵਲ ਹਸਪਤਾਲ ਮਾਨਸਾ ਵਿਖੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠੁਕਰਾਲ ਵੱਲੋਂ ਇਹ ਪੰਜੀਰੀ ਵੰਡਣ ਦੀ ਰਸਮ ਅਦਾ ਕੀਤੀ ਗਈ।
ਇਸ ਸਮੇਂ ਮਰੀਜਾਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਕਿਹਾ ਕਿ ਪੰਜਾਬ ਸਰਕਾਰ ਟੀ.ਬੀ. ਦੀ ਬਿਮਾਰੀ ਦੇ ਖਾਤਮੇ ਲਈ ਵਚਨਬੱਧ ਹੈ। ਟੀ.ਬੀ. ਦੇ ਮਰੀਜਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਮਰੀਜਾਂ ਨੂੰ ਇਲਾਜ ਦੌਰਾਨ 500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੋਸ਼ਣ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਗੰਭੀਰ ਟੀ.ਬੀ. ਦੇ ਮਰੀਜਾਂ ਦੀ ਸਿਹਤ ਦਾ ਪੱਧਰ ਉੱਚਾ ਚੁੱਕਣ ਲਈ ਹੁਣ ਪੰਜੀਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਨ੍ਹਾ ਇਹ ਵੀ ਕਿਹਾ ਕਿ ਟੀ.ਬੀ. ਇੱਕ ਨੋਟੀਫਾਈਏਬਲ ਬਿਮਾਰੀ ਹੈ। ਕੈਮਿਸਟ ਅਤੇ ਡਾਕਟਰ ਜੋ ਵੀ ਟੀ.ਬੀ. ਦਾ ਇਲਾਜ ਕਰ ਰਹੇ ਹਨ, ਉਹ ਟੀ.ਬੀ. ਦੇ ਮਰੀਜਾਂ ਦੀ ਜਾਣਕਾਰੀ ਹਰ ਮਹੀਨੇ ਜਿਲ੍ਹਾ ਟੀ.ਬੀ. ਅਫਸਰ ਤੱਕ ਪਹੁੰਚਾਉਣ।
ਜਿਲ੍ਹਾ ਟੀ.ਬੀ. ਅਫਸਰ ਡਾ. ਨਿਸ਼ੀ ਸੂਦ ਨੇ ਕਿਹਾ ਕਿ ਟੀ.ਬੀ. ਦੀ ਬਿਮਾਰੀ ਇਲਾਜਯੋਗ ਹੈ। ਇਸ ਤੋਂ ਘਬਰਾਉਣ ਦੀ ਲੋੜ ਨਹੀ ਹੈ। ਇਸਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਬਲਾਕ ਖਿਆਲਾ ਅਤੇ ਸਰਦੂਲਗੜ੍ਹ ਨੂੰ ਟੀ.ਬੀ. ਮੁਕਤ ਕਰਨ ਲਈ ਚੁਣਿਆ ਗਿਆ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਟੀ.ਬੀ. ਦੇ ਖਾਤਮੇ ਲਈ ਸਹਿਯੋਗ ਦੀ ਜਰੂਰਤ ਹੈ ਤਾਂ ਜੋ ਟੀ.ਬੀ. ਦੀ ਬਿਮਾਰੀ ਨੂੰ 2025 ਤੱਕ ਦੇਸ਼ ਵਿੱਚੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਜਿਲ੍ਹਾ ਸਿਹਤ ਅਫਸਰ ਡਾ. ਮਨੋਹਰ ਲਾਲ, ਸੀਨੀਅਰ ਮੈਡੀਕਲ ਅਫਸਰ ਡਾ. ਜਗਪਾਲਇੰਦਰ ਸਿੰਘ, ਡਾ. ਰਣਜੀਤ ਸਿੰਘ ਰਾਏ, ਮਾਸ ਮੀਡੀਆ ਅਫ਼ਸਰ ਸੁਖਮਿੰਦਰ ਸਿੰਘ, ਕੁਲਦੀਪ ਸਿੰਘ, ਜਗਦੀਸ਼ ਰਾਏ ਕੁਲਰੀਆਂ, ਸੁਰਿੰਦਰ ਖਿਆਲਾ, ਬੂਟਾ ਸਿੰਘ, ਅਜੇ ਕੁਮਾਰ, ਪਰਗਟ ਸਿੰਘ ਤੇ ਸਵਿਤਾ ਹਾਜਰ ਸਨ।
EDITED BY : SARA YAHA | | Last Updated : 7:44 pm 13 September 2018






















