ਕਰਤਾਰਪੁਰ ਲਾਂਘਾ: ‘ਆਪ’ ਲੀਡਰਾਂ ਨੇ ਘੇਰੀ ਮੋਦੀ ਸਰਕਾਰ

0
29

ਸੰਗਰੂਰ(ਸਾਰਾ ਯਹਾ)  : ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਪ੍ਰਤੀ ਵਿਖਾਈ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਮੋਦੀ ਸਰਕਾਰ ਨੂੰ ਘੇਰਿਆ ਹੈ। ‘ਆਪ’ ਲੀਡਰਾਂ ਨੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਮੋਦੀ ਸਰਕਾਰ ਨੂੰ ਵੀ ਅੱਗੇ ਵਧਣ ਦੀ ਅਪੀਲ ਕੀਤੀ ਹੈ।

‘ਆਪ’ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਤੇ ਪੰਜਾਬ ਵਿਧਾਨ ਸਭਾ ਵਿੱਚ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਮੌਕੇ ਕਰਤਾਰਪੁਰ ਕੌਰੀਡੋਰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਹੁਣ ਇਸ ‘ਤੇ ਪਾਕਿਸਤਾਨ ਸਰਕਾਰ ਵੱਲੋਂ ਸਕਾਰਾਤਮਕ ਪਹਿਲ ਕੀਤੀ ਗਈ ਹੈ ਤਾਂ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਇਸੇ ਪਹਿਲਕਦਮੀ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸਰਬ ਧਰਮ ਨਾਲ ਤੇ ਦੋਵਾਂ ਦੇਸ਼ਾਂ ਦਰਮਿਆਨ ਸ਼ਾਂਤੀ ਬਹਾਲੀ ਨਾਲ ਜੁੜਿਆ ਹੋਇਆ ਹੈ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਇਲਜ਼ਾਮ ਹੇਠ ਫੜੇ ਗਏ ਅੱਠ ਪੰਜਾਬੀਆਂ ਦੇ ਮਸਲੇ ‘ਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੈਨੇਡਾ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ। ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਦਿੜ੍ਹਬਾ ਆ ਕੇ ਕਬੱਡੀ ਕੱਪ ਕਰਵਾਉਣ ਵਾਲੇ ਮੁਲਜ਼ਮ ਦੇ ਹੋਰ ਦੇਸ਼ਾਂ ਵਿੱਚ ਵੀ ਨਸ਼ਾ ਕਾਰੋਬਾਰ ਫੈਲੇ ਹੋਣ ਦਾ ਇਲਜ਼ਾਮ ਵੀ ਲਾਇਆ। ਉਨ੍ਹਾਂ ਇਹ ਵੀ ਕਿਹਾ ਕਿ ਮੁਲਜ਼ਮਾਂ ਦੀ ਪੰਜਾਬ ਵਿਚਲੀ ਜਾਇਦਾਦ ਦੇ ਵੇਰਵੇ ਲੈ ਕੇ ਇੱਥੇ ਵੀ ਕਾਰਵਾਈ ਕਰਨੀ ਚਾਹੀਦੀ ਹੈ।

ਮਾਨ ਨੇ ਨਵਜੋਤ ਸਿੱਧੂ ਵੱਲੋਂ ਬੇਅਦਬੀ ਤੇ ਗੋਲ਼ੀਕਾਂਡ ਦੀ ਵੀਡੀਓ ਜਾਰੀ ਕਰਨ ਦੇ ਮਸਲੇ ‘ਤੇ ਸਵਾਲ ਚੁੱਕਿਆ ਕਿ ਸਿੱਧੂ ਆਪਣੀ ਸਰਕਾਰ ਤੋਂ ਇਸ ਸਬੰਧੀ ਕਾਰਵਾਈ ਕਿਉਂ ਨਹੀਂ ਕਰਵਾਉਂਦੇ। ਇਸ ਤੋਂ ਇਲਾਵਾ ਉਹ ਆਪਣੀ ਪਾਰਟੀ ਵਿੱਚ ਛਿੜੇ ਘਮਸਾਣ ਨੂੰ ਸ਼ਾਂਤ ਕਰਨ ਲਈ ਸੁਖਪਾਲ ਖਹਿਰਾ ਦੇ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਮਿਲਣ ਲਈ ਰਜ਼ਾਮੰਦ ਹੋਣ ਦਾ ਵੀ ਸਵਾਗਤ ਕੀਤਾ।


EDITED BY : SARA YAHA | | Last Updated : 6:18  pm 7 September  2018

LEAVE A REPLY

Please enter your comment!
Please enter your name here