

ਮਾਨਸਾ, 30 ਅਗਸਤ (ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣਕਾਰ ਅਫ਼ਸਰ ਅਪਨੀਤ ਰਿਆਤ ਨੇ ਅੱਜ ਸਮੂਹ ਰਿਟਰਨਿੰਗ ਅਤੇ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਮੱਦੇਨਜ਼ਰ ਇਕ ਮੀਟਿੰਗ ਦੌਰਾਨ ਹਦਾਇਤ ਕੀਤੀ ਕਿ ਚੋਣਾਂ ਨੂੰ ਸੰਪੂਰਨ ਤੌਰ ਤੇ ਪਾਰਦਰਸ਼ੀ, ਨਿਰਪੱਖ ਅਤੇ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦ ਨੇਪਰੇ ਚਾੜ੍ਹਨਾ ਯਕੀਨੀ ਬਣਾਇਆ ਜਾਵੇ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਚੋਣਾਂ ਦੌਰਾਨ ਹੋਣ ਵਾਲੇ ਕੰਮਾਂ ਦੇ ਹਰ ਪਹਿਲੂ ਨੂੰ ਬਰੀਕੀ ਨਾਲ ਵਿਚਾਰਿਆ। ਉਨ੍ਹਾਂ ਚੋਣਾਂ ਦੇ ਪਹਿਲੇ ਦਿਨ ਤੋਂ ਲੈ ਕੇ ਨਤੀਜੇਆਂ ਤੱਕ ਦੇ ਹਰ ਪੜਾਅ ਦੀ ਅਧਿਕਾਰੀਆਂ ਨਾਲ ਵਿਸਥਾਰਪੂਰਵਕ ਚਰਚਾ ਕੀਤੀ। ਉਨ੍ਹਾਂ ਪਿਛਲੀਆਂ ਚੋਣਾਂ ਮੌਕੇ ਆਪਣੇ ਨਿੱਜੀ ਤਜ਼ਰਬਿਆਂ ਦੌਰਾਨ ਆਈਆਂ ਮੁਸ਼ਕਲਾਂ ਤੇ ਚਾਨਣਾਂ ਪਾਉਂਦਿਆਂ ਕਿਹਾ ਕਿ ਨਾਮਜਦਗੀ ਪੱਤਰਾਂ ਨੂੰ ਜਮ੍ਹਾਂ ਕਰਵਾਉਣਾ, ਹਰ ਕਮੀ ਪੇਸ਼ੀ ਨੂੰ ਦੂਰ ਕਰਨਾ, ਸਟਰੋਂਗ ਰੂਮ ਦੀ ਸੁਰੱਖਿਆ ਅਤੇ ਗਲਤੀ ਰਹਿਤ ਬੈਲਟ ਪੇਪਰਾਂ ਦਾ ਹੋਣਾਂ ਯਕੀਨੀ ਬਣਾਇਆ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰ ਵਿਭਾਗ ਦੇ ਕਰਮਚਾਰੀ ਦਾ ਵੋਟਾਂ ਦੌਰਾਨ ਹਾਜ਼ਰ ਹੋਣਾ ਯਕੀਨ ਬਣਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਦਫ਼ਤਰ ਵਿਚ ਮੁਲਾਜ਼ਮਾਂ ਦੀ ਕਮੀ ਕਾਰਨ ਡਿਊਟੀਆਂ ਕਟਵਾਉਣ ਜਾਂ ਮੈਡੀਕਲ ਛੁੱਟੀ ਜਿਹੇ ਬਹਾਨਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ। ਕਿਸੇ ਵੀ ਕਿਸਮ ਦੀ ਮੈਡੀਕਲ ਛੁੱਟੀ ਨੂੰ ਸਰਕਾਰੀ ਡਾਕਟਰ ਦੀ ਪ੍ਰਵਾਨਗੀ ਅਤੇ ਅਧਿਕਾਰਤ ਡਾਕਟਰ ਦੀ ਮਨਜ਼ੂਰੀ ਤੋਂ ਬਿਨਾਂ ਸਵੀਕਾਰ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਡਿਊਟੀ ਵਿਚ ਕਿਸੇ ਵੀ ਕਿਸਮ ਦੀ ਕੁਤਾਹੀ ਵਰਤਣ ਵਾਲੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਏ.ਡੀ.ਸੀ (ਜ) ਸ੍ਰੀ ਰਾਜੇਸ਼ ਤ੍ਰਿਪਾਠੀ ,ਏ.ਡੀ.ਸੀ. (ਵਿਕਾਸ) ਸ੍ਰੀ ਗੁਰਮੀਤ ਸਿੱਧੂ, ਐਸ.ਡੀ.ਐਮ. ਮਾਨਸਾ ਸ੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਐਸ.ਪੀ. (ਐਚ) ਸ੍ਰੀ ਮੇਜਰ ਸਿੰਘ, ਡੀ.ਡੀ.ਪੀ.ਓ. ਸ੍ਰੀ ਦਿਨੇਸ਼ ਵਸ਼ਿਸ਼ਟ ਤੋਂ ਇਲਾਵਾ ਹੋਰ ਅਧਿਕਾਰੀ ਸ਼ਾਮਲ ਸਨ।
EDITED BY : SARA YAHA | | Last Updated : 7:12 pm 30 august 2018






















