

ਮਾਨਸਾ, 30 ਅਗਸਤ (ਹੀਰਾ ਸਿੰਘ ਮਿੱਤਲ ): ਮਿਸ਼ਨ ਤੰਦਰੁਸਤ ਪੰਜਾਬ ਅਤੇ ਨਸ਼ਾ ਮੁਕਤ ਪੰਜਾਬ ਅਧੀਨ ਲੋਂਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਪਰਦਰਸ਼ਨੀ ਵੈਨ ਮਾਨਸਾ ਸ਼ਹਿਰ ਵਿਖੇ ਪਹੁੰਚੀ।ਇਹ ਪਰਦਰਸ਼ਨੀ ਵੈਨ ਮਾਨਸਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਅਤੇ ਪਿੰਡਾਂ ਵਿਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਚਲਾਈ ਇਸ ਨਸ਼ਾ ਵਿਰੋਧੀ ਪਰਦਰਸਨੀ ਵੈਨ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਸ਼ਹਿਰ ਵਿਚ ਪਰਦਰਸ਼ਨੀ ਵੈਨ ਦੁਆਰਾ ਸ਼ਹਿਰ ਦੇ ਵੀਰ ਨਗਰ, ਭੱਠਾ ਬਸਤੀ ,ਤਿੰਨ ਕੋਨੀ ਅਤੇ ਅੰਬੇਦਕਰ ਨਗਰ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਗਿਆ।
ਜਿਲ੍ਹਾ ਸਿਹਤ ਅਫ਼ਸਰ ਡਾ.ਮਨੋਹਰ ਲਾਲ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਜਗਪਾਲਇੰਦਰ ਸਿੰਘ ਨੇ ਇਸ ਵੈਨ ਨੂੰ ਸਮਾਜ ਲਈ ਲਾਹੇਵੰਦ ਦੱਸਿਦਿਆਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਸੂਬੇ ਵਿਚੋਂ ਨਸ਼ੇ ਨੂੰ ਖਾਤਮੇ ਵੱਲ ਲਿਜਾਇਆ ਜਾ ਸਕੇ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਸੁਖਮਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਨਸਿਆਂ ਦੀ ਦਲਦਲ ਵਿੱਚੋਂઠ ਕੱਢਣ ਲਈ ਬੁਢਲਾਡਾ, ਸਰਦੂਲਗੜ੍ਹ ਅਤੇ ਮਾਨਸਾ ਵਿਖੇ ਓਟ ਸੈਂਟਰ ਵੀ ਚੱਲ ਰਹੇ ਹਨ ਜਿੱਥੇ ਨਸ਼ਿਆਂ ਦੇ ਆਦੀ ਹੋ ਚੁੱਕੇ ਮਰੀਜਾਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਡਿਪਟੀ ਮਾਸ ਮੀਡੀਆ ਅਫਸਰ ਸ੍ਰੀ ਕੁਲਦੀਪ ਸਿੰਘ ਨੇ ਕਿਹਾ ਕਿ ਨਸ਼ਾ ਦੇਸ਼ ਦੀ ਜਵਾਨੀ ਲਈ ਸਰਾਪ ਹੈ। ਰੋਜਾਨਾ ਦੀ ਜ਼ਿੰਦਗੀ ਵਿਚ ਵਾਪਰ ਰਹੀਆਂ ਘਟਨਾਵਾਂ ਜਿਵੇਂ ਸੜਕ ਦੁਰਘਟਨਾ,ਘਰੇਲੂ ਹਿੰਸਾ,ਲੁੱਟਾਂ ਖੋਹਾਂ ਆਦਿ ਲਈ ਨਸ਼ਾ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ।ਇਸ ਲਈ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਨਾ ਜਰੂਰੀ ਹੈ।
ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ. ਸੰਜੀਵ ਓਬਰਾਏ, ਡਾ. ਸਵੀ ਬਜਾਜ ਅਤੇ ਸਿਹਤ ਵਿਭਾਗ ਦੇ ਅਧਿਕਾਰੀ/ਕਰਮਚਾਰੀ ਅਤੇ ਆਸ਼ਾ ਵਰਕਰ ਹਾਜਰ ਸਨ।
EDITED BY : SARA YAHA | | Last Updated : 7:15 pm 30 august 2018






















