

ਚੰਡੀਗੜ੍ਹ (ਸਾਰਾ ਯਹਾ) : ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ‘ਚ ਸ਼ਿਰਕਤ ਕਰਨ ਤੋਂ ਬਾਅਦ ਨਵਜੋਤ ਸਿੱਧੂ ਅੱਜ ਵਾਪਸ ਭਾਰਤ ਪਰਤ ਆਏ ਹਨ। ਸਿੱਧੂ ਨੇ ਵਾਪਸ ਪਰਤਦਿਆਂ ਪਾਕਿਸਤਾਨ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਨਾਲ ਗਲੇ ਮਿਲਣ ‘ਤੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਆਪਣੇ ਦੇਸ਼ ਦਾ ਕੋਈ ਨਿਯਮ ਨਹੀਂ ਤੋੜਿਆ। ਉਨ੍ਹਾਂ ਕਿਹਾ ਕਿ ਮੈਂ ਬਕਾਇਦਾ ਇਜਾਜ਼ਤ ਲੈ ਕੇ ਪਾਕਿਸਤਾਨ ਗਿਆ ਸੀ।
ਸਿੱਧੂ ਨੇ ਕਿਹਾ ਕਿ ਬਾਜਵਾ ਨੇ ਗੁਰੂ ਨਾਨਕ ਦੇਵ ਦੇ 550ਵੇਂ ਗੁਰਪੂਰਬ ਤੇ ਕਰਤਾਰਪੁਰ ਰਾਹ ਖੋਲ੍ਹਣ ਦੀ ਗੱਲ ਕੀਤੀ ਤੇ ਕਿਹਾ ਕਿ ਅਸੀਂ ਇਕੋ ਸੱਭਿਆਚਾਰ ਨਾਲ ਸਬੰਧਤ ਹਾਂ ਤਾਂ ਅਜਿਹੇ ‘ਚ ਮੈਂ ਕੀ ਕਰ ਸਕਦਾ ਸੀ। ਇਸਲਾਮਾਬਾਦ ‘ਚ ਸਹੁੰ ਚੁੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਅਧਿਕਾਰ ਖੇਤਰ ਵਾਲੇ ਕਸ਼ਮੀਰ ਦੇ ਰਾਸ਼ਟਰਪਤੀ ਮਸੂਦ ਖਾਨ ਨਾਲ ਬੈਠਣ ‘ਤੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਉੱਥੇ ਮਹਿਮਾਨ ਦੇ ਤੌਰ ‘ਤੇ ਗਿਆ ਸੀ ਅਜਿਹੇ ‘ਚ ਜਿੱਥੇ ਤਹਾਨੂੰ ਕਿਹਾ ਜਾਂਦਾ ਹੈ ਤੁਸੀਂ ਉੱਥੇ ਬੈਠਦੇ ਹੋ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ ਦੇ ਸੈਨਾ ਮੁਖੀ ਨੂੰ ਗਲੇ ਲਾ ਕੇ ਠੀਕ ਨਹੀਂ ਕੀਤਾ। ਕੈਪਟਨ ਨੇ ਰੋਸ ਜਤਾਉਂਦਿਆਂ ਕਿਹਾ ਕਿ ਰੋਜ਼ਾਨਾ ਸਾਡੇ ਜਵਾਨ ਸਰਹੱਦ ‘ਤੇ ਮਾਰੇ ਜਾ ਰਹੇ ਹਨ ਅਜਿਹੇ ‘ਚ ਸਿੱਧੂ ਦਾ ਪਾਕਿਸਤਾਨੀ ਆਰਮੀ ਮੁਖੀ ਨੂੰ ਗਲੇ ਲਾਉਣਾ ਬਿਲਕੁਲ ਗਲਤ ਸੀ।
























