

ਮਾਨਸਾ, 12 ਅਗਸਤ (ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਆਰੰਭੀ 10 ਦਿਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਹਟਾ ਕੇ ਗਊਸ਼ਾਲਾਵਾਂ ਵਿੱਚ ਭੇਜਣ ਦੀ ਮੁਹਿੰਮ ਤਹਿਤ ਪਹਿਲੇ 2 ਦਿਨਾਂ ਵਿੱਚ ਹੀ 339 ਪਸ਼ੂਆਂ ਨੂੰ ਫੜ ਲਿਆ ਗਿਆ ਹੈ।
ਇਸ ਸਬੰਧੀ ਕੱਲ ਦੇਰ ਰਾਤ ਤੱਕ ਡਿਪਟੀ ਕਮਿਸ਼ਨਰ ਨੇ ਖੁਦ ਸ਼ਹਿਰ ਦੇ ਬਾਰ੍ਹਾਂ ਹੱਟਾਂ ਚੌਂਕ ਜਾ ਕੇ ਇਸ ਮੁਹਿੰਮ ਦਾ ਜਾਇਜ਼ਾ ਲਿਆ ਅਤੇ ਪਸ਼ੂਆਂ ਦੀ ਹੋ ਰਹੀ ਫੜੋ ਫੜਾਈ ਲਈ ਵੀ ਗਊਸੇਵਕਾਂ, ਸਮਾਜ ਸੇਵੀਆਂ ਅਤੇ ਆਮ ਨਾਗਰਿਕਾਂ ਨੂੰ ਜਿੱਥੇ ਹੱਲਾ ਸ਼ੇਰੀ ਦਿੱਤੀ ਉਥੇ ਉਨ੍ਹਾਂ ਦਾ ਬਹੁਤ ਧੰਨਵਾਦ ਦਿੱਤਾ।
ਇਸ ਸਬੰਧੀ ਸਾਬਕਾ ਪ੍ਰਧਾਨ ਗਉਸ਼ਾਲਾ ਕਮੇਟੀ ਮਾਨਸਾ ਸ਼੍ਰੀ ਅਸ਼ੋਕ ਕੁਮਾਰ ਜਿੰਦਲ ਨੇ ਦੱਸਿਆ ਕਿ ਮਾਨਸਾ-ਸਿਰਸਾ ਰੋਡ ‘ਤੇ ਨੰਦੀਸ਼ਾਲਾ ਮਾਨਸਾ ਵਿਖੇ 200, ਗਊਸ਼ਾਲਾ ਰਮਦਿੱਤੇਵਾਲਾ ਵਿਖੇ 45 ਅਤੇ ਗਊਸ਼ਾਲਾ ਮਾਨਸਾ ਵਿਖੇ 69 ਆਵਾਰਾ ਪਸ਼ੂਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਤਕਰੀਬਨ 200 ਪਸ਼ੂਆਂ ਦਾ ਇਹ ਬੱਗ ਸਾਰੀ ਸਿਰਸਾ ਰੋਡ ਤੋਂ ਤਕਰੀਬਨ 100 ਗਊ ਸੇਵਕਾਂ ਅਤੇ ਨਗਰਵਾਸੀਆਂ ਵੱਲੋਂ ਹੱਕ ਕੇ ਕੱਲ ਦੇਰ ਰਾਤ ਨੰਦੀਸ਼ਾਲਾ ਮਾਨਸਾ ਵਿਖੇ ਭੇਜਿਆ ਗਿਆ। ਇਸ ਤੋਂ ਇਲਾਵਾ 45 ਪਸ਼ੂਆਂ ਨੂੰ ਰਮਦਿੱਤਾ ਵਾਲਾ ਚੌਂਕ, ਰੇਲਵੇ ਫਾਟਕ ਅਤੇ ਭਾਗੀਰਥ ਕਲੋਨੀ ਤੋਂ ਫੜਿਆ ਗਿਆ ਹੈ। ਇਸੇ ਤਰ੍ਹਾਂ 69 ਪਸ਼ੂਆਂ ਨੂੰ ਵਾਟਰ ਵਰਕਸ ਅਤੇ ਪੁਰਾਣੀ ਮੰਡੀ ਦੇ ਨੇੜਿਓਂ ਫੜਿਆ ਗਿਆ ਹੈ।
ਇਸ ਬਾਰੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਗਊਸੇਵਕ ਸ਼੍ਰੀ ਪਵਨ ਕੁਮਾਰ ਅਤੇ ਸ਼੍ਰੀ ਸੰਜੀਵ ਪਿੰਕਾ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਨੂੰ ਫੜ ਕੇ ਗਉਸ਼ਾਲਾ ਭੇਜਣ ਦੀ ਇਸ 10 ਰੋਜ਼ਾ ਮੁਹਿੰਮ ਤਹਿਤ ਸ਼ਹਿਰ ਮਾਨਸਾ ਵਿੱਚੋਂ 25 ਪਸ਼ੂਆਂ ਨੂੰ ਫੜ ਕੇ ਕੈਟਲ ਪੋਂਡ ਖੋਖਰ ਕਲਾਂ ਵਿਖੇ ਛੱਡਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਗਊ ਸੇਵਕ ਤੜਕਸਾਰ 4 ਵਜੇ ਪਹੁੰਚ ਜਾਂਦੇ ਹਨ ਅਤੇ ਆਵਾਰਾ ਪਸ਼ੂਆਂ ਨੂੰ ਫੜਨ ਲਈ ਰਾਤ ਦੇ 10-11 ਵਜੇ ਵੀ ਡਿਊਟੀ ਕੀਤੀ ਜਾਂਦੀ ਹੈ।
ਇਸ 10 ਰੋਜ਼ਾ ਮੁਹਿੰਮ ਵਿੱਚ ਸ਼੍ਰੀ ਅਸ਼ਵਨੀ ਕੁਮਾਰ, ਸ਼੍ਰੀ ਪ੍ਰਵੀਨ ਸ਼ਰਮਾ ਟੋਨੀ, ਸ਼੍ਰੀ ਪਵਨ ਕੁਮਾਰ ਕੋਟਲੀ, ਸ਼੍ਰੀ ਸੁਨੀਲ ਗੋਇਲ, ਸ਼੍ਰੀ ਰਾਜੇਸ਼ ਕੁਮਾਰ, ਸ਼੍ਰੀ ਮਹਾਬੀਰ, ਸ਼੍ਰੀ ਜੈਪਾਲ, ਸ਼੍ਰੀ ਜਗਜੀਤ ਵਾਲੀਆ, ਸ਼੍ਰੀ ਬਿੰਦਰ ਪਾਲ, ਸ਼੍ਰੀ ਵਿਨੋਦ ਭੰਮਾ, ਸ਼੍ਰੀ ਬਲਜੀਤ ਕੜਵਲ, ਸ਼੍ਰੀ ਸੁਰਿੰਦਰ ਪਿੰਟਾ, ਸ਼੍ਰੀ ਮੁਕੇਸ਼ ਕੁਮਾਰ, ਸ਼੍ਰੀ ਟਿੰਕੂ ਤੋਂ ਇਲਾਵਾ ਹੋਰ ਵੀ ਗਊਸੇਵਕ ਇਸ ਕੰਮ ਵਿੱਚ ਆਪਣਾ ਪੂਰਨ ਸਹਿਯੋਗ ਦੇ ਰਹੇ ਹਨ।
EDITED BY : SARA YAHA | | Last Updated :7:50 pm 12 august 2018






















