ਕਰੋੜਾਂ ਦੀ ਲਾਗਤ ਨਾਲ ਬਣੇ ਬੱਸ ਸਟੈਂਡ ‘ਚ ਸਹੂਲਤਾਂ ਧੇਲੇ ਦੀਆਂ ਵੀ ਨਹੀਂ

0
10

ਸੰਗਰੂਰ (ਸਾਰਾ ਯਹਾ)—ਲੰਮੇ ਸਮੇਂ ਤੱਕ ਖਸਤਾ ਹਾਲਤ ਅਤੇ ਗੰਦਗੀ ਦਾ ਸੰਤਾਪ ਭੋਗਣ ਤੋਂ ਬਾਅਦ ਕਰੋੜਾਂ ਦੇ ਲਾਗਤ ਨਾਲ ਨਵੇਂ ਬਣੇ ਬੱਸ ਸਟੈਂਡ ਸੰਗਰੂਰ ‘ਚ ਕੁੱਝ ਮਹੀਨਿਆਂ ਬਾਅਦ ਹੀ ਇਹ ਆਪਣੀ ਪੁਰਾਣੀ ਦਸ਼ਾ ਧਾਰਨ ਕਰਦਾ ਜਾ ਰਿਹਾ ਹੈ। ਬੱਸ ਸਟੈਂਡ ਵਲੋਂ ਨਵਾਂ ਰੂਪ ਧਾਰਨ ਕਰਨ ਤੋਂ ਬਾਅਦ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਇਕ-ਇਕ ਕਰਕੇ ਠੱਪ ਹੋ ਰਹੀਆਂ ਹਨ। ਨਾਮਾਤਰ ਸਹੂਲਤਾਂ ਬਾਰੇ ਜੇਕਰ ਕਿਹਾ ਜਾਵੇ ਕਿ ਸਰਕਾਰ ਨੇ ਕਰੋੜਾ ਰੁਪਏ ਦੀ ਲਾਗਤ ਨਾਲ ਬਿਲਡਿੰਗ ਤਾਂ ਬਣਾ ਦਿੱਤੀ ਪਰ ਸਹੂਲਤ ਇਥੇ ਧੇਲੇ ਦੀ ਵੀ ਨਹੀਂ ਦਿੱਤੀਆਂ ਤਾਂ ਇਸ ‘ਚ ਕੋਈ ਅੱਥਕਥਣੀ ਨਹੀਂ ਹੋਵੇਗੀ।
ਬੋਰਡ ਆਰ. ਓ. ਦਾ ਪਰ ਪਾਣੀ ਟੈਂਕੀ ਦਾ

PunjabKesari
ਬੱਸ ਸਟੈਂਡ ‘ਚ ਲੱਗੀਆਂ ਟੂਟੀਆਂ ‘ਤੇ ਉੱਪਰ ਬੋਰਡਾਂ ‘ਤੇ ਆਰ. ਓ. ਵਾਲਾ ਪਾਣੀ ਦਾ ਬੋਰਡ ਤਾਂ ਮੌਜ਼ੂਦ ਹੈ ਪਰ ਪਾਣੀ ਸਿੱਧਾ ਟੈਂਕੀ ਤੋਂ ਆਉਂਦਾ ਹੈ। ਜਾਣਕਾਰੀ ਮੁਤਾਬਕ ਬੱਸ ਸਟੈਂਡ ਵਿਚ ਲੋਕਾਂ ਨੂੰ ਹਾਲੇ ਤੱਕ ਵੀ ਠੰਢਾ ਪਾਣੀ ਪੀਣ ਲਈ ਨਹੀਂ ਮਿਲ ਰਿਹਾ। ਬਾਥਰੂਮਾਂ ਦੇ ਬਿਲਕੁਲ ਸਾਹਮਣੇ ਲਾਈਆਂ ਗਈਆਂ ਟੂਟੀਆਂ ਵਿਚੋਂ ਸਿੱਧਾ ਟੈਂਕੀ ਵਾਲਾ ਪਾਣੀ ਆਉਂਦਾ ਹੈ ਜਿਸ ਕਾਰਨ ਇਸ ਭਾਰੀ ਗਰਮੀ ਵਿਚ ਲੋਕ ਗਰਮ ਪਾਣੀ ਹੀ ਪੀਣ ਲਈ ਮਜ਼ਬੂਰ ਹਨ। ਪਾਣੀ ਵਾਲੀਆਂ ਟੂਟੀਆਂ ਦੇ ਉਪਰ ਭਾਵੇਂ ‘ਆਰ. ਓ. ਵਾਲਾ ਪਾਣੀ’ ਦਾ ਬੋਰਡ ਲਾਇਆ ਗਿਆ ਹੈ ਪਰ ਲੋਕ ਉਹੀ ਟੈਂਕੀ ਵਾਲਾ ਪਾਣੀ ਪੀਂਦੇ ਹਨ ਪਰ ਲੋਕਾਂ ਨੂੰ ਟੈਂਕੀ ਵਾਲਾ ਪਾਣੀ ਹੀ ਪੀਣ ਨੂੰ ਮਿਲ ਰਿਹਾ ਹੈ।
ਪੱਖੇ ਤਾਂ ਹਨ ਪਰ ਚੱਲਦਾ ਕੋਈ-ਕੋਈ
ਬੱਸ ਸਟੈਂਡ ਵਿੱਚ ਲਾਏ ਗਏ ਵੱਡੇ ਪੱਖੇ ਵੀ ਜ਼ਿਆਦਾਤਰ ਬੰਦ ਹੋ•ਚੁੱਕੇ ਹਨ। ਸਿਰਫ਼ ਇਕ ਦੋ ਪੱਖੇ ਹੀ ਚਲਦੇ ਹਨ। ਉਥੇ ਖੜੇ ਪਿੰਡ ਬਹਾਦਰਪੁਰ ਦੇ ਜਗਵੀਰ ਸਿੰਘ ਨੇ ਦੱਸਿਆ ਕਿ ਬੱਸ ਸਟੈਂਡ ਵਿਚ ਸਵਾਰੀਆਂ ਨੂੰ ਗਰਮੀ ਵਿਚ ਬੈਠਣਾ ਪੈਂਦਾ ਹੈ ਕਿਉਂਕਿ ਬੱਸ ਸਟੈਂਡ ਦਾ ਕੋਈ ਵੀ ਪੱਖਾ ਚਾਲੂ ਹਾਲਤ ਵਿਚ ਨਹੀਂ ਹੈ। ਪ੍ਰਾਈਵੇਟ ਬੱਸਾਂ ਵਾਲੇ ਪੱਕੀਆਂ ਡਿਊਟੀਆਂ ‘ਤੇ ਅਕਸਰ ਬੱਸ ਸਟੈਂਡ ਵਿਚ ਖੜ੍ਹਦੇ ਹਨ, ਉਨ੍ਹਾਂ ਇਹ ਵੀ ਕਿਹਾ ਕਿ ਬੱਸ ਸਟੈਂਡ ਵਿਚ ਪਾਣੀ ਅਤੇ ਹਵਾ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਾਰਨ ਆਮ ਸਵਾਰੀਆਂ ਨੂੰ ਦਿੱਕਤਾਂ ਪੇਸ਼ ਆਉਂਦੀਆਂ ਹਨ।
ਸੜਕਾਂ ਤੇ ਫਰਸ਼ਾਂ ਲੱਗੀਆਂ ਟੁੱਟਣ
ਬੱਸ ਸਟੈਂਡ ਦਾ ਫਰਸ਼ ਵੀ ਖਸਤਾ ਹਾਲਤ ਅਖ਼ਤਿਆਰ ਕਰਦਾ ਜਾ ਰਿਹਾ ਹੈ। ਬੱਸ ਸਟੈਂਡ ਦਾ ਮੁੱਖ ਗੇਟ ਜਿੱਥੋਂ ਬੱਸਾਂ ਅੰਦਰ ਦਾਖ਼ਲ ਹੁੰਦੀਆਂ ਹਨ, ਉਥੇ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਲੋਕਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਵਿਚਲੇ ਫਰਸ਼ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਕਿ ਥੋੜੇ ਹੀ ਸਮੇਂ ਬਾਅਦ ਇਸ ਦੀ ਬਜਰੀ ਬਾਹਰ ਆਉਣੀ ਸ਼ੁਰੂ ਹੋ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ 10 ਕਰੋੜ ਤੋਂ ਜ਼ਿਆਦਾ ਦੀ ਲਾਗਤ ਨਾਲ ਸਮੁੱਚਾ ਬੱਸ ਸਟੈਂਡ ਬਣਾਇਆ ਸੀ। ਤਤਕਾਲੀਨ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦੇ ਯਤਨਾਂ ਸਦਕਾ ਇਹ ਕਾਰਜ ਸਿਰੇ ਚੜਿਆ ਸੀ ਪਰ ਹੁਣ ਸਬੰਧਿਤ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਇਹ ਆਪਣੀ ਪੁਰਾਣੀ ਦਸ਼ਾ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ।
ਜਲਦ ਹੋਵੇਗਾ ਲੋਕ ਸਮੱਸਿਆਵਾਂ ਦਾ ਹੱਲ : ਜੀ. ਐੱੰਮ.
ਇਸ ਸਬੰਧੀ ਗੱਲਬਾਤ ਕਰਦਿਆਂ ਪੀ.ਆਰ.ਟੀ.ਸੀ. ਸੰਗਰੂਰ ਡਿਪੂ ਦੇ ਜਨਰਲ ਮੈਨੇਜਰ ਐੱਮ. ਪੀ. ਸਿੰਘ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ।


EDITED BY : SARA YAHA | | Last Updated :7:40 pm 12 august 2018

LEAVE A REPLY

Please enter your comment!
Please enter your name here