

ਚੰਡੀਗੜ੍ਹ (ਸਾਰਾ ਯਹਾ): ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਨਿਵੇਸ਼ ਲਈ ਪਿਛਲੇ 10 ਸਾਲਾਂ ਵਿੱਚ 391 ਸਮਝੌਤੇ ਕੀਤੇ, ਜਿਨ੍ਹਾਂ ਵਿੱਚੋਂ ਸਿਰਫ਼ 46 ਹੀ ਨੇਪਰੇ ਚੜ੍ਹੇ। ਇੰਨਾ ਹੀ ਨਹੀਂ ਸਿੱਧੂ ਨੇ ਦਾਅਵਾ ਕੀਤਾ ਕਿ ਅਕਾਲੀ-ਭਾਜਪਾ ਸਰਕਾਰ ਤਿੰਨ ਅਜਿਹੇ ਐਮਓਯੂ ਸਾਈਨ ਕੀਤੇ ਗਏ ਸਨ ਜਿਨ੍ਹਾਂ ਦੀ ਨਿਵੇਸ਼ ਰਕਮ ਸਿਫ਼ਰ ਸੀ।
ਸਿੱਧੂ ਨੇ ਖੁਲਾਸਾ ਕੀਤਾ ਕਿ ਪਿਛਲੀ ਸਰਕਾਰ ਨੇ ਕੰਪਨੀਆਂ ਤੇ ਸਨਅਤਾਂ ਨਾਲ ਇਕਰਾਰਨਾਮੇ ਕਰ 1,20,000 ਕਰੋੜ ਰੁਪਏ ਦਾ ਨਿਵੇਸ਼ ਆਉਣ ਦਾ ਦਾਅਵਾ ਕੀਤਾ ਪਰ ਇਸ ਵਿੱਚੋਂ ਸਿਰਫ਼ 6,500 ਕਰੋੜ ਰੁਪਏ ਦਾ ਨਿਵੇਸ਼ ਹੀ ਆਇਆ। ਸਿੱਧੂ ਮੁਤਾਬਕ ਲਘੂ ਇਕਾਈਆਂ ਲਈ ਕੋਈ ਨਿਵੇਸ਼ ਨਹੀਂ ਹੋਇਆ।
ਕੈਬਨਿਟ ਮੰਤਰੀ ਨੇ ਦਾਅਵਾ ਕੀਤਾ ਕਿ ਸਾਲ 2007 ਤੋਂ 2014 ਤਕ ਪੰਜਾਬ ਵਿੱਚ ਕੁੱਲ 18,770 ਫੈਕਟ੍ਰੀਆਂ ਬੰਦ ਹੋਈਆਂ। ਉਨ੍ਹਾਂ ਕਿਹਾ ਕਿ ਕਈ ਅਕਾਲੀ ਲੀਡਰਾਂ ਨੇ ਕਈ ਕਈ ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਲਿਆਉਣ ਦੀ ਗੱਲ ਕੀਤੀ ਸੀ, ਪਰ ਇਹ ਹੋਇਆ ਨਹੀਂ।
ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਂਦਿਆਂ ਸਿੱਧੂ ਨੇ ਕਿਹਾ ਕਿ ਸਾਡੀ ਸਰਕਾਰ ਦੌਰਾਨ ਹੁਣ ਤਕ 170 ਐਮਓਯੂ ਸਾਈਨ ਹੋਏ ਹਨ। ਇਨ੍ਹਾਂ ਸਮਝੌਤਿਆਂ ਵਿੱਚੋਂ ਕੁੱਲ 47,116 ਕਰੋੜ ਰੁਪਏ ਦਾ ਨਿਵੇਸ਼ ਆਉਣਾ ਹੈ, ਜਿਸ ਵਿੱਚੋਂ 8,400 ਕਰੋੜ ਰੁਪਏ ਆ ਚੁੱਕੇ ਹਨ। ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਐਲਾਨਣ ਦਾ ਐਲਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਹੁਣ ਰਾਹੁਲ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣਗੇ।























