

ਨਵੀਂ ਦਿੱਲੀ (ਸਾਰਾ ਯਹਾ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਮੈਦਾਨ ਤੋਂ ਬਾਹਰ ਵੀ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਦਰਅਸਲ ਧੋਨੀ ਨੇ ਵਿੱਤੀ ਸਾਲ 2017-18 ਦੌਰਾਨ 12.17 ਕਰੋੜ ਦਾ ਟੈਕਸ ਜਮ੍ਹਾ ਕੀਤਾ ਹੈ। ਇਸ ਤੋਂ ਬਾਅਦ ਧੋਨੀ ਬਿਹਾਰ ਤੇ ਝਾਰਖੰਡ ਦੇ ਸਭ ਤੋਂ ਜ਼ਿਆਦਾ ਟੈਕਸ ਅਦਾ ਕਰਨ ਵਾਲੇ ਵਿਅਕਤੀ ਬਣ ਗਏ ਹਨ। ਬਿਹਾਰ ਤੇ ਝਾਰਖੰਡ ਆਮਦਨ ਕਰ ਵਿਭਾਗ ਦੀ ਅਧਿਕਾਰੀ ਨਿਸ਼ਾ ਅਰੋਨ ਨੇ ਇਹ ਜਾਣਕਾਰੀ ਦਿੱਤੀ ਹੈ।
ਧੋਨੀ ਦੇ ਪਿਛਲੇ ਰਿਕਾਰਡ ਦੀ ਗੱਲ ਕਰੀਏ ਤਾਂ ਕਈ ਸਾਲਾਂ ਤੋਂ ਬਿਹਾਰ ਤੇ ਝਾਰਖੰਡ ‘ਚ ਸਭ ਤੋਂ ਵੱਧ ਟੈਕਸ ਅਦਾ ਕਰਨ ਦਾ ਰਿਕਾਰਡ ਧੋਨੀ ਦੇ ਨਾਂ ਹੀ ਹੈ। ਬੀਤੇ ਵਿੱਤੀ ਸਾਲ ਧੋਨੀ ਨੇ 10.93 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਸੀ।
ਭਾਰਤੀ ਕ੍ਰਿਕਟ ਦੀ ਦੁਨੀਆ ‘ਚ ਵਿਰਾਟ ਕੋਹਲੀ ਤੋਂ ਬਾਅਦ ਧੋਨੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਕ੍ਰਿਕਟਰ ਹਨ। ਫੋਰਬਸ ਮੁਤਾਬਕ 2015 ‘ਚ ਮਹੇਂਦਰ ਸਿੰਘ ਧੋਨੀ ਦੀ ਨੈੱਟ ਵਰਥ 111 ਮਿਲੀਅਨ ਡਾਲਰ ਯਾਨੀ 765 ਕਰੋੜ ਰੁਪਏ ਸੀ। ਉਸ ਸਾਲ ਧੋਨੀ ਨੇ ਕਰੀਬ 217 ਕਰੋੜ ਰੁਪਏ ਕਮਾਏ ਸਨ। ਇਸ ‘ਚ 24 ਕਰੋੜ ਰੁਪਏ ਦੇ ਕਰੀਬ ਉਨ੍ਹਾਂ ਦੀ ਤਨਖਾਹ ਤੇ ਬਾਕੀ ਪੈਸਾ ਇਸ਼ਤਿਹਾਰਾਂ ਜ਼ਰੀਏ ਆਇਆ ਸੀ।
ਫਿਲਹਾਲ ਧੋਨੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਹਨ। ਧੋਨੀ ਆਈਪੀਐਲ ਟੀਮ ਚੇਨੱਈ ਸੁਪਰ ਕਿੰਗਜ਼ ਦੇ ਕਪਤਾਨ ਹਨ। ਉਨ੍ਹਾਂ ਦੀ ਕਪਤਾਨੀ ‘ਚ ਇਸ ਵਾਰ ਉਨ੍ਹਾਂ ਦੀ ਟੀਮ ਸੁਪਰ ਆਈਪੀਐਲ ਚੈਂਪੀਅਨ ਬਣੀ ਹੈ। ਕ੍ਰਿਕਟ ਤੋਂ ਇਲਾਵਾ ਧੋਨੀ ਫੁਟਬਾਲ ਤੇ ਹਾਕੀ ‘ਚ ਵੀ ਹੱਥ ਅਜ਼ਮਾ ਰਹੇ ਹਨ। ਇੰਡੀਅਨ ਸੁਪਰ ਲੀਗ ‘ਚ ਉਨ੍ਹਾਂ ਦੀ ਫੁੱਟਬਾਲ ਦੀ ਇੱਕ ਟੀਮ ਹੈ ਤੇ ਹਾਕੀ ਇੰਡੀਆ ਲੀਗ ‘ਚ ਉਹ ਰਾਂਚੀ ਟੀਮ ਦੇ ਜੁਆਇੰਟ ਆਨਰ ਹਨ।
EDITED BY : SARA YAHA | | Last Updated : 4:48 pm 24 JULY 2018























