ਭਗਵੰਤ ਮਾਨ ਦਾ ਵਰਕਰਾਂ ਨਾਲ ਕੈਪਟਨ ਦੀ ਰਿਹਾਇਸ਼ ‘ਤੇ ਧਾਵਾ, ਪੁਲਿਸ ਨੇ ਮਾਰੀਆਂ ਪਾਣੀ ਦੀਆਂ ਬੁਛਾੜਾਂ

0
24

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ‘ਤੇ ਪੁਲਿਸ ਨੇ ਪਾਣੀਆਂ ਦੀਆਂ ਬੁਝਾੜਾਂ ਮਾਰੀਆਂ। ਇਸ ਦੌਰਾਨ ਕਈ ਵਰਕਰਾਂ ਦੀਆਂ ਪੱਗਾਂ ਵੀ ਲਹਿ ਗਈਆਂ। ‘ਆਪ’ ਵਰਕਰਾਂ ਦੀ ਅਗਵਾਈ ਪਾਰਟੀ ਪ੍ਰਧਾਨ ਭਗਵੰਤ ਮਾਨ ਕਰ ਰਹੇ ਸੀ।

ਦਰਅਸਲ ਭਗਵੰਤ ਮਾਨ ਨੇ ਲੋਕਾਂ ਦੇ ਬਿਜਲੀ ਬਿੱਲ ਵਧਾਉਣ ਖਿਲਾਫ ਕੈਪਟਨ ਦੀ ਰਿਹਾਇਸ਼ ਦੇ ਘਿਰਾਓ ਦਾ ਐਲਾਨ ਕੀਤਾ ਸੀ। ਇਸ ਤਹਿਤ ਅੱਜ ਜਦੋਂ ‘ਆਪ’ ਵਰਕਰਾਂ ਨੇ ਕੈਪਟਨ ਦੀ ਰਿਹਾਇਸ਼ ਵੱਲ ਵਧਣ ਦੀ ਕੋਸ਼ਿਸ਼ ਕੀਤਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਬੈਰੀਕੇਡ ਲਾ ਕੇ ਰੋਕ ਲਿਆ। ਜਦੋਂ ‘ਆਪ’ ਵਰਕਰਾਂ ਨੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪਾਣੀ ਦੀਆਂ ਬੁਝਾੜਾਂ ਮਾਰ ਕੇ ਉਨ੍ਹਾਂ ਨੂੰ ਖਿਦੇੜ ਦਿੱਤਾ।

ਇਸ ਮੌਕੇ ਭਗਵੰਤ ਮਾਨ ਨੇ ਇਲਜ਼ਾਮ ਲਾਇਆ ਕਿ ਪ੍ਰਾਈਵੇਟ ਬਿਜਲੀ ਮਾਫ਼ੀਆ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਦੀ ਲੁੱਟ ਕੀਤੀ ਜਾ ਰਹੀ ਹੈ। ਇਸ ਦੇ ਵਿਰੁੱਧ ਹੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ ਦਾ ਘਿਰਾਓ ਕਰਨ ਆਈ ਸੀ। ਇਸ ਦੌਰਾਨ ਕੈਪਟਨ ਦੇ ਇਸ਼ਾਰੇ ‘ਤੇ ਪੁਲਿਸ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ।

ਕਾਬਲੇਗੌਰ ਹੈ ਕਿ ‘ਆਪ’ ਵੱਲੋਂ ਮੁੱਖ ਮੰਤਰੀ ਦੀ ਕੋਠੀ ਘੇਰਨ ਦਾ ਪ੍ਰੋਗਰਾਮ ਪਹਿਲਾਂ 7 ਜਨਵਰੀ ਨੂੰ ਸੀ। ਖ਼ਰਾਬ ਮੌਸਮ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਸੀ। ਭਗਵੰਤ ਮਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਨੌਤੀ ਭਰਿਆ ਸਵਾਲ ਕੀਤਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਕਾਰਨ ਸਪਸ਼ਟ ਕਰਨ ਕਿ ਪੰਜਾਬ ‘ਚ ਘਰੇਲੂ ਬਿਜਲੀ 9 ਰੁਪਏ ਤੋਂ ਲੈ ਕੇ 12 ਰੁਪਏ ਤੱਕ ਕਿਉਂ ਮਿਲ ਰਹੀ ਹੈ? ਜਦਕਿ ਪੰਜਾਬ ਖ਼ੁਦ ਵੀ ਬਿਜਲੀ ਪੈਦਾ ਕਰਦਾ ਹੈ। ਦੂਜੇ ਇੱਕ ਵੀ ਯੂਨਿਟ ਦਾ ਖ਼ੁਦ ਉਤਪਾਦਨ ਨਾ ਕਰਨ ਵਾਲੀ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਵਾਸੀਆਂ ਨੂੰ ਸਭ ਤੋਂ ਸਸਤੀ ਬਿਜਲੀ ਉਪਲਬਧ ਕਰ ਰਹੀ ਹੈ।

ਭਗਵੰਤ ਮਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਮਹਿੰਗੀ ਬਿਜਲੀ ਲਈ ਅਕਾਲੀ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਿਰਫ਼ ਬਾਦਲ ਹੀ ਨਹੀਂ ਸਗੋਂ ਤੁਸੀਂ (ਕੈਪਟਨ-ਜਾਖੜ ਤੇ ਪੂਰੀ ਕਾਂਗਰਸ ਸਰਕਾਰ) ਹੁਣ ਬਾਦਲਾਂ ਨਾਲੋਂ ਵੀ ਵੱਧ ਗੁਨਾਹਗਾਰ ਹੈ, ਜੋ ਆਪਣੇ ਮੈਨੀਫੈਸਟੋ ਅਨੁਸਾਰ ਪਾਵਰਕਾਮ ਦਾ ਪਿਛਲੇ ਸਾਲਾਂ ਦਾ ਆਡਿਟ ਅਤੇ ਪੀਪੀਏਜ਼ ਰੱਦ ਕਰਨ ਦੀ ਥਾਂ ਬਾਦਲਾਂ ਦੀ ਤਰਜ਼ ‘ਤੇ ਬਿਜਲੀ ਮਾਫ਼ੀਆ ਦੀ ਲੁੱਟ ‘ਚ ਭਾਈਵਾਲ ਬਣ ਗਏ।

LEAVE A REPLY

Please enter your comment!
Please enter your name here