

ਸਮਰਾਲਾ, (ਸਾਰਾ ਯਹਾ) -ਕਰੀਬ 3 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਣ ਵਾਲੀ ਲੁਧਿਆਣਾ-ਚੰਡੀਗੜ ਸਿਕਸ ਲੇਨ ਯੋਜਨਾ, ਜਿਸ ਨੂੰ ਕਿ ਇਸੇ ਸਾਲ ਦੇ ਅਖੀਰ ਤੱਕ ਮੁਕੰਮਲ ਕੀਤੇ ਜਾਣ ਦਾ ਟੀਚਾ ਮਿਥਿਆ ਗਿਆ ਹੈ, ਦਾ ਅੱਜ ਕਿਸਾਨਾਂ ਵੱਲੋਂ ਭਾਰੀ ਵਿਰੋਧ ਕਰਦੇ ਹੋਏ ਇਸ ਯੋਜਨਾਂ ਲਈ ਆਪਣੀ ਇੱਕ ਇੰਚ ਵੀ ਜ਼ਮੀਨ ਦੇਣ ਤੋਂ ਕੋਰੀ ਨਾਹ ਕਰ ਦਿੱਤੀ ਗਈ ਹੈ। ਪਿੰਡ ਬੌਂਦਲੀ ਵਿਖੇ ਇੱਕਤਰ ਹੋਏ ਕਿਸਾਨਾਂ ਨੇ ਅੱਜ ਜ਼ਬਰੀ ਜ਼ਮੀਨ ਐਕਵਾਇਰ ਕਰਨ ਆਏ ਅਧਿਕਾਰੀਆਂ ਦਾ ਭਾਰੀ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਵਿੱਚੋਂ ਖਦੇੜਨ ਮਗਰੋਂ ਧਰਨਾ ਮਾਰ ਦਿੱਤਾ ਗਿਆ ਅਤੇ ਇਨ੍ਹਾਂ ਕਿਸਾਨਾਂ ਦੇ ਸਮਰਥਨ ਵਿੱਚ ਆਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਧਰਨਾਕਾਰੀ ਕਿਸਾਨਾਂ ਦੀ ਅਗਵਾਈ ਕਰਦੇ ਹੋਏ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਇਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦਾ ਢੁੱਕਵਾ ਮੁਅਵਾਜਾ ਨਹੀਂ ਦਿੰਦੀ, ਉਦੋਂ ਤੱਕ ਇਕ ਵੀ ਕਿਸਾਨ ਆਪਣੀ ਜ਼ਮੀਨ ਇਸ ਛੇ-ਮਾਰਗੀ ਯੋਜਨਾ ਅਧੀਨ ਬਣਨ ਵਾਲੇ ਸਮਰਾਲਾ ਬਾਈਪਾਸ ਲਈ ਸਰਕਾਰ ਨੂੰ ਨਹੀਂ ਦੇਵੇਗਾ।
ਇਸ ਮੌਕੇ ਇਸ ਛੇ-ਮਾਰਗੀ ਸੜਕ ਨੂੰ ਬਣਾਉਣ ਵਾਲੀ ਕੰਪਨੀ ਦੇ ਅਧਿਕਾਰੀ ਅੱਜ ਜਿਵੇ ਹੀ ਆਪਣੀ ਮਸ਼ੀਨਰੀ ਲੈ ਕੇ ਕਿਸਾਨਾਂ ਦੇ ਖੇਤਾਂ ਵਿੱਚ ਜ਼ਮੀਨ ਦੀ ਮਿਣਤੀ ਲੈਣ ਪੁੱਜੇ ਤਾਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਉਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਹਿਸੀਲਦਾਰ ਸਮਰਾਲਾ ਵੀ ਡਿਊਟੀ ਮੈਜੀਸਟ੍ਰੇਟ ਦੀ ਹੈਸੀਅਤ ਨਾਲ ਮੌਕੇ ‘ਤੇ ਪੁੱਜੇ ਅਤੇ ਕਿਸਾਨਾਂ ਦੇ ਰੋਹ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਭੜਕੇ ਕਿਸਾਨਾਂ ਨੇ ਕਿਸੇ ਵੀ ਅਧਿਕਾਰੀ ਦੀ ਕੋਈ ਗੱਲ ਨਹੀਂ ਸੁਣੀ।
ਇਸ ਮੌਕੇ ਬੀ.ਕੇ.ਯੂ. ਪ੍ਰਧਾਨ ਹਰਿੰਦਰ ਲੱਖੋਵਾਲ ਨੇ ਕਿਹਾ ਕਿ ਪਿੰਡ ਬੌਂਦਲੀ ਦੀ ਸੈਂਕੜੇ ਏਕੜ ਜ਼ਮੀਨ ਨੂੰ ਸਰਕਾਰ ਬਾਈਪਾਸ ਲਈ ਐਕਵਾਇਰ ਕਰ ਰਹੀ ਹੈ, ਪਰ ਕਿਸੇ ਵੀ ਕਿਸਾਨ ਨੂੰ ਅਜੇ ਤੱਕ ਇਕ ਧੇਲਾ ਵੀ ਅਦਾਇਗੀ ਨਹੀਂ ਕੀਤੀ ਗਈ। ਦੂਜਾ ਸਰਕਾਰ ਨੇ ਇਸ ਜ਼ਮੀਨ ਦੀ ਜਿਹੜੀ ਕੀਮਤ ਤਹਿ ਕੀਤੀ ਹੈ, ਉਹ ਬਜ਼ਾਰੀ ਰੇਟ ਨਾਲੋਂ ਕਾਫੀ ਘੱਟ ਹੋਣ ਕਾਰਨ ਕਿਸਾਨ ਪਹਿਲਾ ਹੀ ਇਸ ਕੀਮਤ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਯੂਨੀਅਨ ਪਿੰਡ ਬੌਂਦਲੀ ਦੇ ਕਿਸਾਨਾਂ ਹੱਕ ਵਿੱਚ ਡੱਟ ਕੇ ਖੜੀ ਹੈ ਅਤੇ ਜਦੋਂ ਤੱਕ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਕੀਮਤ ਨਹੀਂ ਮਿਲਦੀ ਉਦੋਂ ਤੱਕ ਇੱਕ ਇੰਚ ਜ਼ਮੀਨ ਵੀ ਸਰਕਾਰ ਨੂੰ ਨਹੀਂ ਦਿੱਤੀ ਜਾਵੇਗੀ।
EDITED BY : SARA YAHA | | Last Updated :21 June 2018























