

ਸਮਰਾਲਾ, 21 ਜੂਨ (ਸਾਰਾ ਯਹਾ)-ਅੱਜ ਸਥਾਨਕ ਪੁਲਸ ਨੇ ਨੀਲੋਂ ਨਹਿਰ ‘ਤੇ ਨਾਕਾਬੰਦੀ ਕਰਦੇ ਹੋਏ ਚੰਡੀਗੜ੍ਹ ਸਾਈਡ ਤੋਂ ਆ ਰਹੇ ਇੱਕ ਸਵਰਾਜ਼ ਮਾਜ਼ਦਾ ਟੈਂਪੂ ਨੂੰ ਘੇਰ ਕੇ ਜਦੋਂ ਤਲਾਸ਼ੀ ਲਈ ਤਾਂ ਉਸ ਵਿੱਚੋਂ 90 ਪੇਟੀਆਂ ਅੰਗਰੇਜ਼ੀ ਸ਼ਰਾਬ ਕਿੰਗ ਗੋਲਡ ਦੀਆਂ ਬਰਾਮਦ ਹੋਈਆਂ। ਇਹ ਸ਼ਰਾਬ ਚੰਡੀਗੜ੍ਹ ਤੋਂ ਸਸਤੇ ਰੇਟ ‘ਤੇ ਸਮਗਲਿੰਗ ਕਰਕੇ ਪੰਜਾਬ ਲਿਆਂਦੀ ਜਾ ਰਹੀ ਸੀ ਅਤੇ ਪੁਲਸ ਨੂੰ ਪਹਿਲਾਂ ਹੀ ਇਤਲਾਹ ਮਿਲ ਜਾਣ ਕਾਰਨ ਨਾਕਾਬੰਦੀ ਕਰਦੇ ਹੋਏ ਇਸ ਸ਼ਰਾਬ ਨੂੰ ਫੜ੍ਹ ਲਿਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਸਮਰਾਲਾ ਦੇ ਐੱਸ. ਐੱਚ. ਓ. ਭੁਪਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 9:30 ਵਜੇ ਪੁਲਿਸ ਪਾਰਟੀ ਵੱਲੋਂ ਫੜ੍ਹੀ ਗਈ ਇਸ ਨਜਾਇਜ਼ ਸ਼ਰਾਬ ਨੂੰ ਜਲੰਧਰ ਨਿਵਾਸੀ ਮਨਦੀਪ ਸਿੰਘ ਅਤੇ ਮਾਣਾ ਨਾਮਕ ਦੋ ਵਿਅਕਤੀ ਚੰਡੀਗੜ੍ਹ ਤੋਂ ਸਮਲਿੰਗ ਕਰਕੇ ਲੈ ਕੇ ਆਏ ਸਨ ਅਤੇ ਅੱਗਿਓਂ ਇਸ ਸ਼ਰਾਬ ਦੀ ਸਪਲਾਈ ਜਲੰਧਰ ਵਿਖੇ ਦਿੱਤੀ ਜਾਣੀ ਸੀ। ਇਸ ਮੌਕੇ ਮਨਦੀਪ ਸਿੰਘ ਪੁੱਤਰ ਜਰਨੈਲ ਸਿੰਘ ਨੇੜੇ ਵੇਰਕਾ ਪਲਾਟ ਜਲੰਧਰ ਨਿਵਾਸੀ ਤਸਕਰ ਤਾਂ ਪੁਲਿਸ ਦੇ ਹੱਥ ਆ ਗਿਆ, ਜਦਕਿ ਦੂਜਾ ਵਿਅਕਤੀ ਮਾਨਾ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਿਆ। ਪੁਲਿਸ ਨੇ ਦੋਵਾਂ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
EDITED BY : SARA YAHA | | Last Updated :21 June 2018























