ਖੁਰਾਕ ਪਦਾਰਥਾਂ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਐਮਜ਼ ਦੇ ਅਧੀਨ ਛਾਪੇ ਮਾਰਨ ਵਾਲੀਆਂ ਟੀਮਾਂ ਦਾ ਗਠਨ: ਡਿਪਟੀ ਕਮਿਸ਼ਨਰ

0
37

ਮਾਨਸਾ, 21 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਤਿਉਹਾਰਾਂ ਦੇ ਚੱਲ ਰਹੇ ਸੀਜ਼ਨ, ਮੁੱਖ ਤੌਰ ਤੇ ਦੀਵਾਲੀ ਨੂੰ ਧਿਆਨ ਵਿਚ ਰੱਖਦਿਆ ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਨੇ ਸਬ ਡਵੀਜ਼ਨਲ ਮੈਜਿਸਟਰੇਟਸ ਤਹਿਤ ਟੀਮਾਂ ਗਠਿਤ ਕੀਤੀਆਂ ਹਨ ਜੋ ਮਾਨਸਾ ਦੇ ਲੋਕਾਂ ਲਈ ਵਧੀਆ ਖੁਰਾਕ ਪਦਾਰਥ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਵੱਖ-ਵੱਖਵ ਥਾਣਿਆਂ ਦੇ ਸਹਿਯੋਗ ਨਾਲ ਅਚਨਚੇਤ ਛਾਪੇਮਾਰੀ ਕਰਨਗੀਆਂ।
    ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਖੁਰਾਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਹ ਜਾਣਕਾਰੀ ਦਿੱਤੀ।  ਉਨ੍ਹਾਂ ਫੂਡ ਸੇਫਟੀ  ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਸੁਨਿਸ਼ਚਿਤ ਕਰਨ ਕਿ ਅਚਨਚੇਤ ਚੈਕਿੰਗ ਕਰਦੇ ਸਮੇਂ ਕਿਸੇ ਵੀ ਨੂੰ ਬਖਸ਼ਿਆ ਨਾ ਜਾਵੇ ਅਤੇ ਇਕੱਤਰ ਕੀਤੇ ਸਾਰੇ ਨਮੂਨਿਆਂ ਨੂੰ ਐਸ.ਏ.ਐਸ. ਨਗਰ ਜ਼ਿਲ੍ਹੇ ਦੇ ਖਰੜ ਵਿਖੇ ਸਥਿਤ ਖੁਰਾਕ ਪ੍ਰੀਖਣ ਪ੍ਰਯੋਗਸ਼ਾਲਾ ਵਿਚ ਸਹੀ ਤਰੀਕੇ ਨਾਲ ਜਾਂਚ ਲਈ ਭੇਜਿਆ ਜਾਵੇ।
    ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਜਨਵਰੀ ਤੋਂ ਸਤੰਬਰ ਤੱਕ ਖਾਣੇ ਦੇ ਕੁੱਲ 163 ਨਮੂਨੇ ਇਕੱਠੇ ਕੀਤੇ ਗਏ ਹਨ। ਜਿਨ੍ਹਾਂ ਵਿਚੋਂ 12 ਨਮੂਨੇ ਫੇਲ੍ਹ ਹੋਏ ਹਨ ਅਤੇ 8.70 ਲੱਖ ਰੁਪਏ ਜੁਰਮਾਨਾ ਵਸੂਲਿਆ ਗਿਆ ਹੈ। ਫੂਡ ਸੇਫਟੀ ਅਤੇ ਸਟੈਂਡਰਡ ਐਕਟ ਤਹਿਤ ਫੇਲ੍ਹ ਨਮੂਨਿਆਂ ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਦੀ ਅਦਾਲਤ ਦੁਆਰਾ ਜੁਰਮਾਨਾ ਲਗਾਇਆ ਗਿਆ ਹੈ ਜੋ ਫੂਡ ਸੇਫਟੀ ਐਕਟ ਅਧੀਨ ਨਿਰਣਾਇਕ ਅਧਿਕਾਰੀ ਹਨ।
    ਉਨ੍ਹਾਂ ਇਹ ਆਦੇਸ਼ ਦਿੱਤੇ ਹਨ ਕਿ ਕੋਈ ਵੀ ਮਿਠਾਈ ਵਿਕਰੇਤਾ ਬਕਸੇ ਦੇ ਨਾਲ ਮਿਠਾਈਆਂ ਦਾ ਤੋਲ ਨਹੀਂ ਕਰੇਗਾ। ਜੇਕਰ ਇਸ ਦੀ ਉਲੰਘਣਾਂ ਦੀ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਵਿਕਰੇਤਾ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ ਤਿਉਹਾਰਾਂ ਦੇ ਮੌਸਮ ਵਿਚ ਖਾਣ ਪੀਣ ਦੀਆਂ ਵਸਤਾਂ ਦੇ ਵਜਨ ਦੀ ਜਾਂਚ ਕਰਨ ਲਈ ਇਕ ਟੀਮ ਨੂੰ ਭੇਜਿਆ ਜਾਵੇ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਕਿਸੇ ਵੀ ਗ੍ਰਾਹਕ ਨੂੰ ਖਾਣ-ਪੀਣ ਵਾਲੇ ਪਦਾਰਥਾਂ ਉਸ ਦੀ ਕੀਮਤ ਤੋਂ ਘੱਟ ਮਾਤਰਾ ਨਹੀਂ ਤੋਲੇ ਜਾਂਦੇ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਜ) ਸ੍ਰੀ ਨਵਦੀਪ ਕੁਮਾਰ, ਸਹਾਇਕ ਕਮਿਸ਼ਨਰ ਫੂਡ ਸ੍ਰੀ ਅਮ੍ਰਿਤਪਾਲ ਸਿੰਘ, ਫੂਡ ਸੇਫਟੀ ਅਫ਼ਸਰ ਮਾਨਸਾ ਅਤੇ ਸਰਦੂਲਗੜ੍ਹ ਸ੍ਰੀ ਸੰਦੀਪ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸ੍ਰੀ ਸੰਦੀਪ ਸਿੰਘ ਮੌਜੂਦ ਸਨ।

LEAVE A REPLY

Please enter your comment!
Please enter your name here