ਖੇਤੀਬਾੜੀ ਵਿਭਿੰਨਤਾ ਦੀ ਮਿਸਾਲ ਹੈ ਪਿੰਡ ਮਲਕਪੁਰ ਖਿਆਲਾ ਦਾ ਹਰਭਜਨ ਸਿੰਘ

0
30

ਮਾਨਸਾ, 15 ਅਕਤੂਬਰ (ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਮਾਨਸਾ ਦੇ ਪਿੰਡ ਮਲਕਪੁਰ ਖਿਆਲਾ ਦਾ ਕਿਸਾਨ ਹਰਭਜਨ ਸਿੰਘ ਪੰਜਾਬ ਦੀ ਖੇਤੀਬਾੜੀ ਖੇਤਰ ਵਿਚ ਵਿਭਿੰਨਤਾ ਦਾ ਪ੍ਰਤੀਕ ਹੈ।  ਸਫਲਤਾਪੂਰਵਕ ਮੱਛੀ, ਸੂਰ, ਬੱਕਰੀ, ਮੁਰਗੀ ਅਤੇ ਬਟੇਰਿਆਂ ਨੂੰ ਪਾਲਣ ਦੇ ਨਾਲ-ਨਾਲ ਖੇਤੀਬਾੜੀ ਤੋਂ ਹਰਭਜਨ 19 ਲੱਖ ਰੁਪਏ ਪ੍ਰਤੀ ਸਾਲ ਦੀ ਕਮਾ ਰਿਹਾ ਹੈ।
    ਹਰਭਜਨ ਦਾ ਕਹਿਣਾ ਹੈ ਕਿ ਅਜੋਕੇ ਸਮੇਂ ਵਿਚ ਜਦੋਂ ਖੇਤੀਬਾੜੀ ਇਕੱਲੇ ਮੁਨਾਫਾ ਕਮਾਉਣ ਵਾਲਾ ਕਾਰੋਬਾਰ ਨਹੀਂ ਰਿਹਾ, ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਪਸ਼ੂ ਪਾਲਣਾ ਸ਼ੂਰੂ ਕਰਨ ਜੋ ਕਿ ਆਮਦਨੀ ਦਾ ਵਧੀਆ ਸ੍ਰੋਤ ਹੈ। ਉਹ ਮਹਿਸੂਸ ਕਰਦਾ ਹੈ ਕਿ ਕਿਸੇ ਵੀ ਕਾਰੋਬਾਰ ਜਾਂ ਖੇਤੀ ਨੂੰ ਸਫਲ ਬਣਾਉਣ ਲਈ, ਕਿਸਾਨਾਂ ਨੂੰ ਖੁਦ ਕੰਮ ਕਰਨਾ ਚਾਹੀਦਾ ਹੈ ਅਤੇ ਮਜ਼ਦੂਰਾਂ ਤੇ ਘੱਟ ਨਿਰਭਰ ਕਰਨਾ ਚਾਹੀਦਾ ਹੈ। ਉਸ ਦੀ ਵਿਰਾਸਤ ਨੂੰ ਅੱਗੇ ਵਧਾਉਣ ਲਈ ਉਸ ਦੇ ਦੋ ਪੁੱਤਰ ਇਸ ਕਾਰੋਬਾਰ ਨੂੰ ਸਫਲਤਾਪੂਰਵਕ ਚਲਾਉਣ ਲਈ ਉਸ ਦੇ ਨਾਲ ਹੱਥ ਵਟਾ ਰਹੇ ਹਨ। ਉਸ ਦਾ ਵੱਡਾ ਪੁੱਤਰ ਐਮ.ਬੀ.ਏ. ਪਾਸ ਹੈ ਜਦੋ ਕਿ ਛੋਟਾ ਬਾਰ੍ਹਵੀਂ ਪਾਸ ਹੈ ਅਤੇ ਦੋਵੇਂ ਹੀ ਆਪਣੇ ਪਿਤਾ ਨਾਲ ਕੰਮ ਕਰਦੇ ਹਨ।
    ਹਰਭਜਨ ਨੇ ਰਾਜ ਸਰਕਾਰ ਦੀ ਸਬਸਿਡੀ ਨਾਲ ਸਾਲ 1989 ਵਿਚ ਆਪਣੀ 5 ਏਕੜ ਜ਼ਮੀਨ ਵਿਚ ਮੱਛੀ ਪਾਲਣ ਦੀ ਸ਼ੁਰੂਆਤ ਕੀਤੀ ਸੀ। ਉਹ ਆਖਦਾ ਹੈ ਕਿ ਉਸ ਸਮੇਂ ਉਹ ਮੱਛੀ ਪਾਲਣ ਦੇ ਵਿਗਿਆਨਕ ਤਰੀਕਿਆਂ ਤੋਂ ਚੰਗੀ ਤਰਾਂ ਜਾਣੂ ਨਹੀਂ ਸੀ। ਜਦੋਂ ਪੰਜਾਬ ਸਰਕਾਰ ਨੇ ਉਸ ਨੂੰ ਭੁਵਨੇਸ਼ਵਰ ਸਿਖਲਾਈ ਲਈ ਭੇਜਿਆ ਜਿਸ ‘ਚ ਉਸ ਨੂੰ ਘੱਟ ਲਾਗਤ ਅਤੇ ਵਧੇਰੇ ਉਤਪਾਦਨ ਦੇ ਨਾਲ ਮੱਛੀ ਪਾਲਣ ਦੇ ਸਭ ਤੋਂ ਵਧੀਆ ਤਰੀਕਿਆਂ ਬਾਰੇ ਸਿੱਖਿਆ। ਅੱਜ ਉਹ 10 ਏਕੜ ਰਕਬੇ ਵਿਚ ਮੱਛੀ ਦੀ ਕਾਸ਼ਤ ਕਰਦਾ ਹੈ ਅਤੇ ਹਰ 15 ਦਿਨਾਂ ਵਿਚ 7 ਤੋਂ 8 ਕੁਇੰਟਲ ਮੱਛੀ ਵੇਚਦਾ ਹੈ। ਇਸ ਤੋਂ ਇਲਾਵਾ ਉਹ ਮੱਛੀ ਦਾ ਬੀਜ ਤਿਆਰ ਕਰਦਾ ਹੈ ਅਤੇ ਇਸ ਨੂੰ ਵਪਾਰਕ ਤੌਰ ਤੇ ਵੇਚਦਾ ਹੈ। ਉਹ ਮੱਛੀ ਦੀ ਉੱਚ ਪੌਸ਼ਟਿਕ ਖੁਰਾਕ ਵੀ ਤਿਆਰ ਕਰਦਾ ਹੈ ਜੋ ਉਸ ਦੇ ਫਾਰਮ ਵਿਚ ਖਪਤ ਹੁੰਦੀ ਹੈ ਅਤੇ ਨਾਲ ਹੀ ਹੋਰਨਾਂ ਕਿਸਾਨਾਂ ਨੂੰ ਵੇਚੀ ਜਾਂਦੀ ਹੈ।
    ਸਾਲ 2007 ਵਿਚ ਉਸ ਨੇ ਮੱਛੀ ਦੀ ਕਾਸ਼ਤ ਦੀ ਲਾਗਤ ਨੂੰ ਘੱਟ ਕਰਨ ਦੇ ਉਦੇਸ਼ ਨਾਲ ਸੂਰ ਫਾਰਮ ਲਗਾਇਆ। ਸੂਰਾਂ ਦਾ ਮਲ ਮੂਤਰ ਮੱਛੀ ਦੇ ਤਲਾਬ ਵੱਲ ਜਾਂਦਾ ਹੈ, ਜੋ ਮੱਛਲੀ ਲਈ ਖੁਰਾਕ ਦਾ ਕੰਮ ਕਰਦੇ ਹਨ। ਉਸ ਕੋਲ ਇਸ ਵੇਲੇ ਲਗਭਗ 80 ਤੋਂ 85 ਸੂਰ ਹਨ। ਉਹ ਆਪਣੇ ਫਾਰਮ ’ਤੇ ਜਾਨਵਰਾਂ ਦਾ ਮੀਟ ਤਿਆਰ ਕਰਕੇ ਵੇਚਦਾ ਹੈ। ਸੂਰ ਦਾ ਖੂਨ ਮੁਰਗੀ ਅਤੇ ਮੱਛੀ ਲਈ ਫੀਡ ਦੇ ਤੌਰ ਤੇ ਵਰਤਿਆ ਜਾਂਦਾ ਹੈ। ਫੀਡ ਦੇ ਰੂਪ ਵਿਚ ਸੂਰਾਂ ਦੇ ਮਲ ਮੂਤਰ ਦੀ ਵਰਤੋਂ ਕਰਨ ਨਾਲ ਮੱਛੀ ਦੀ ਖੁਰਾਕ ਲਾਗਤ 50 ਫ਼ੀਸਦੀ ਘਟ ਗਈ ਹੈ।
    ਉਹ ਸੂਰਾਂ ਨੂੰ ਨਹਾਉਣ ਲਈ ਵਰਤੇ ਜਾਂਦੇ ਪਾਣੀ ਨੂੰ ਮੱਛੀ ਫੜਨ ਵਾਲੇ ਤਲਾਅ ਵਿਚ ਪਾ ਕੇ ਵੀ ਪਾਣੀ ਦੀ ਬੱਚਤ ਕਰਦਾ ਹੈ। ਮੱਛੀ ਤਲਾਬ ਤੋਂ ਪ੍ਰਾਪਤ ਹੋਣ ਵਾਲਾ ਕੂੜਾ ਜੈਵਿਕ ਖਾਦ ਦੇ ਤੌਰ ਤੇ ਹਰਭਜਨ ਸਿੰਘ ਆਪਣੀ 3 ਏਕੜ ਜ਼ਮੀਨ ਵਿਚ ਜੈਵਿਕ ਖੇਤੀ ਲਈ ਵਰਤਦਾ ਹੈ।
    ਹਰਭਜਨ ਕੋਲ ਲਗਭਗ 100 ਮੁਰਗੇ ਅਤੇ ਮੁਰਗੀਆਂ, ਤਕਰੀਬਨ 100 ਬੱਕਰੀਆਂ ਅਤੇ ਕਈ ਬਟੇਰ ਹਨ। ਇਸ ਤੋਂ ਇਲਾਵਾ ਉਸ ਵੱਲੋਂ ਇਕ ਅੰਡਿਆਂ ਤੋਂ ਚੂਚੇ ਬਣਾਉਣ ਲਈ (ਹੈਚਿੰਗ) ਅਤੇ ਉਦਯੋਗਿਕ ਮਸ਼ੀਨ ਤਿਆਰ ਕੀਤੀ ਗਈ ਹੈ ਜੋ 21 ਦਿਨਾਂ ਵਿਚ 4000 ਅੰਡਿਆਂ ਨੂੰ ਚੂਚਿਆਂ ਵਿਚ ਤਬਦੀਲ ਕਰਦੀ ਹੈ। ਉਸ ਨੇ ਇਹ ਮਸ਼ੀਨ ਸਿਰਫ 40,000 ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਹੈ ਜੋ ਕਿ ਮਾਰਕਿਟ ਵਿਚ 2.5 ਲੱਖ ਰੁਪਏ ਦੀ ਕੀਮਤ ਵਿਚ ਉਪਲਬਧ ਹੈ। ਇਸੇ ਤਰਾਂ ਉਸ ਨੇ ਮੱਛੀ ਬੀਜ ਦੀਆਂ ਗੋਲੀਆਂ ਬਣਾਉਣ ਲਈ ਇਕ ਦੇਸੀ ਮਸ਼ੀਨ ਸਿਰਫ਼ 40,000 ਰੁਪਏ ਵਿਚ ਤਿਆਰ ਕੀਤੀ ਹੈ, ਜਿਸ ਦਾ ਮਾਰਕਿਟ ਮੁੱਲ 1.5 ਲੱਖ ਰੁਪਏ ਹੈ। ਉਹ 7 ਏਕੜ ਰਕਬੇ ਵਿਚ ਕਪਾਹ ਅਤੇ ਝੋਨੇ ਦੀ ਬਿਜਾਈ ਕਰਦਾ ਹੈ ਜਿਸ ਵਿਚ ਝੋਨੇ ਦੇ ਚਾਵਲ ਦੇ ਟੁਕੜੇ ਮੱਛੀ ਦੀ ਖੁਰਾਕ ਵਿਚ ਵਰਤੇ ਜਾਂਦੇ ਹਨ।

LEAVE A REPLY

Please enter your comment!
Please enter your name here