

ਮਾਨਸਾ, 30 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : ਸਿਵਲ ਅਤੇ ਪੁਲਿਸ ਅਧਿਕਾਰੀ ਮਾਨਸਾ ਸ਼ਹਿਰ ਵਿਚ ਟਰੈਫਿਕ ਉਲੰਘਣਾਂ ਨੂੰ ਰੋਕਣ ਲਈ ਸਾਂਝੇ ਟਰੈਫ਼ਿਕ ਨਾਕੇ ਲਗਾਉਣਗੇ। ਟਰੈਫਿਕ ਉਲੰਘਣਾਂ ਦੀ ਬਕਾਇਦਾ ਵੀਡੀਓਗ੍ਰਾਫ਼ੀ ਵੀ ਕੀਤੀ ਜਾਵੇਗੀ।
ਸਥਾਨਕ ਬੱਚਤ ਭਵਨ ਵਿਖੇ ਅੱਜ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਐਸ.ਡੀ.ਐਮ. ਮਾਨਸਾ ਸੀ੍ਰ ਅਭੀਜੀਤ ਕਪਲਿਸ਼ ਨੇ ਕਿਹਾ ਕਿ ਹਰ ਤਰਾਂ ਦੀ ਉਲੰਘਣਾਂ ਅਤੇ ਉਲੰਘਣਾਂ ਕਰਨ ਵਾਲਿਆਂ ਦੀ ਵੀਡੀਓਗ੍ਰਾਫ਼ੀ ਕੀਤੀ ਜਾਵੇਗੀ।
ਨਾਬਾਲਗਾਂ ਦੇ ਮਾਪਿਆਂ ਨੂੰ ਸਾਵਧਾਨ ਕਰਦਿਆਂ ਉਨ੍ਹਾਂ ਕਿਹਾ ਕਿ 16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਕਿਸੇ ਵੀ ਕਿਸਮ ਦਾ ਵਾਹਨ ਚਲਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ 16 ਤੋਂ 18 ਸਾਲ ਦੇ ਨੌਜਵਾਨ ਸਮਰੱਥ ਅਧਿਕਾਰੀ ਕੋਲੋਂ ਲਰਨਿੰਗ ਲਾਇਸੰਸ ਪ੍ਰਾਪਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਭਾਰੀ ਵਹੀਕਲ ਜਿਵੇਂ ਕਿ ਬੁਲੇਟ ਜਾਂ ਇਨਫ਼ੀਲਡ ਮੋਟਰਸਾਇਕਲ ਚਲਾਉਣ ਦੀ ਆਗਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੈਲਮੇਟ ਦੀ ਵਰਤੋਂ ਕਰਨੀ ਲਾਜ਼ਮੀ ਬਣਾਉਣੀ ਚਾਹੀਦੀ ਹੈ ਕਿਊਂਕਿ ਇਸ ਵਿਚ ਉਨ੍ਹਾਂ ਦੀ ਆਪਣੀ ਸੁਰੱਖਿਆ ਹੈ।
ਸ਼ਹਿਰ ਵਿਚ ਟਰੈਫ਼ਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਹਦਾਇਤ ਕੀਤੀ ਕਿ ਤਿੰਨ ਕੋਨੀ ਤੇ ਸਥਿਤ ਟਰੈਫ਼ਿਕ ਲਾਇਟਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਇਸ ਨੂੰ ਚਾਲੂ ਕੀਤਾ ਜਾਵੇ। ਇਸੇ ਤਰਾਂ ਉਨ੍ਹਾਂ ਨਗਰ ਕੌਂਸਲ ਅਧਿਕਾਰੀਆਂ ਨੂੰ ਰਮਦਿੱਤਾ ਚੌਂਕ ਵਿਖੇ ਵੀ ਟਰੈਫਿਕ ਲਾਇਟਾਂ ਲਗਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਮਿਊਂਸਪਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੜਕਾਂ ਨੂੰ ਨਾਜਾਇਜ਼ ਕਬਜੇ ਤੋਂ ਮੁਕਤ ਕਰਨ ਲਈ ਸਾਰੇ ਵਿਕਰੇਤਾਵਾਂ ਨੂੰ ਕਿਸੇ ਨਿਸ਼ਚਿਤ ਜਗ੍ਹਾਂ ਤੇ ਤਬਦੀਲ ਕੀਤਾ ਜਾਵੇ। ਉਨ੍ਹਾਂ ਨਾਲ ਹੀ ਪੁਲਿਸ ਅਧਿਕਾਰੀਆਂ ਨੂੰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਗਤੀ ਸੀਮਾਂ ਨੂੰ ਨਿਰਧਾਰਿਤ ਕਰਨ ਅਤੇ ਇਸ ਸਬੰਧੀ ਸੰਕੇਤ ਸੜਕਾਂ ਤੇ ਲਗਾਉਣ ਲਈ ਕਿਹਾ।
ਇਸ ਮੌਕੇ ਡੀ.ਐਸ.ਪੀ. ਸ੍ਰੀ ਸੰਪੂਰਨ ਸਿੰਘ, ਐਸ.ਆਈ. ਸ੍ਰੀ ਅਵਤਾਰ ਸਿੰਘ, ਐਕਸੀਅਨ ਪਬਲਿਕ ਵਰਕਸ ਇੰਜੀਨੀਅਰ ਸੁਰੇਸ਼ ਕੁਮਾਰ, ਸਹਾਇਕ ਸਿਵਲ ਸਰਜਨ ਡਾ. ਸੁਰਿੰਦਰ ਸਿੰਘ, ਪ੍ਰਧਾਨ ਮਾਨਸਾ ਕਲੱਬ ਸ੍ਰੀ ਗੁਰਦੀਸ ਸਿੰਘ ਮਾਨਸ਼ਾਹੀਆ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।























