ਮਾਨਸਾ ਪੁਲੀਸ ਨੇ ਹਰਿਆਣਵੀਂ ਸ਼ਰਾਬ ਦੇ 50 ਡੱਬੇ , ਅਤੇ 6600 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ

0
123

ਮਾਨਸਾ, ਸਾਰਾ ਯਹਾ ,(ਬਲਜੀਤ ਸ਼ਰਮਾ)25 ਅਗਸਤ :ਪੈਸੇ ਕਮਾਉਣ ਦੇ ਇਰਾਦੇ ਨਾਲ ਹਰਿਆਣਾ ਵਿਚੋਂ ਵੱਡੀ ਪੱਧਰ ‘ਤੇ ਸ਼ਰਾਬ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਹੋਰ ਨਸ਼ੀਲੇ ਪਦਾਰਥ ਪੰਜਾਬ ਵਿੱਚ ਆਉਣ ਲੱਗੇ ਹਨ। ਹਰਿਆਣਾ ਦੀ ਹੱਦ ਨਾਲ ਲੱਗਦੇ ਇਸ ਜ਼ਿਲ੍ਹੇ ਵਿਚ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪਿਛਲੇ ਇੱਕ ਮਹੀਨੇ ਤੋਂ ਹਰ-ਰੋਜ਼ ਜਿਹੜੇ ਵਿਅਕਤੀਆਂ ਨੂੰ ਨਸ਼ਿਆਂ ਦੇ ਕਾਰੋਬਾਰ ਲਈ ਦਬੋਚਿਆ ਜਾ ਰਿਹਾ ਹੈ, ਉਨ੍ਹਾਂ ਵੱਲੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਮੁੱਖ ਰੂਪ ਵਿੱਚ ਉਭਰਕੇ ਸਾਹਮਣੇ ਆ ਰਹੀ ਹੈ ਕਿ ਉਹ ਇਹ ਨਸ਼ੀਲੇ ਪਦਾਰਥ ਪੰਜਾਬ ਵਿੱਚ ਪੈਸਾ ਕਮਾਉਣ ਦੇ ਇਰਾਦੇ ਨਾਲ ਹੀ ਵੇਚਣ ਲਈ ਹਰਿਆਣਾ ਤੋਂ ਲੈਕੇ ਆ ਰਹੇ ਸਨ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਨੂੰ ਵੇਚਣ ਵਾਲੇ ਕਈ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਦੇ ਨੌਜਵਾਨਾਂ ਨੇ ਮੰਨਿਆ ਕਿ ਉਹ ਖੁਦ ਨਸ਼ਾ ਨਹੀਂ ਕਰਦੇ ਹਨ, ਪਰ ਕਮਾਈ ਕਰਨ ਦੇ ਇਰਾਦੇ ਨਾਲ ਪੰਜਾਬ ਵਿੱਚ ਆਕੇ ਇਸ ਸਮਾਨ ਨੂੰ ਦੁੱਗਣੇ ਰੇਟਾਂ ‘ਤੇ ਵੇਚਦੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰਿਆਣਾ ਦੀ ਇਕੱਲੀ ਸ਼ਹਿਨਾਈ ਸ਼ਰਾਬ ਹੀ ਨਹੀਂ ਆਉਂਦੀ ਹੈ, ਸਗੋਂ ਹਰ ਕਿਸਮ ਦੇ ਨਸ਼ੀਲੇ ਪਦਾਰਥ ਵਿਕਣ ਲਈ ਸ਼ਹਿਰਾਂ ਅਤੇ ਪਿੰਡਾਂ ਵਿੱਚ ਪੁੱਜਣ ਲੱਗੇ ਹਨ, ਜਿੰਨਾਂ ਉਪਰ ਪੁਲੀਸ ਵੱਲੋਂ ਹੁਣ ਵੱਡੇ ਪੱਧਰ ‘ਤੇ ਸਿਕੰਜਾ ਕਿੱਸਿਆ ਗਿਆ ਹੈ।
ਇਸੇ ਦੌਰਾਨ ਮਾਨਸਾ ਪੁਲੀਸ ਨੇ ਅੱਜ ਵੱਖ-ਵੱਖ ਮਾਮਲਿਆਂ ਵਿੱਚ ਛੇ ਵਿਅਕਤੀਆਂ ਪਾਸੋਂ 630 ਬੋਤਲਾਂ  ਹਰਿਆਣਵੀਂ ਸ਼ਰਾਬ,6610 ਨਸ਼ੀਲੀਆਂ ਗੋਲੀਆਂ,11 ਨਸ਼ੀਲੀਆਂ ਸ਼ੀਸ਼ੀਆਂ ਸਮੇਤ ਮੋਟਰਸਾਈਕਲ ਅਤੇ ਸਵਿਫ਼ਟ ਕਾਰ ਦੀ ਬਰਾਮਦਗੀ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਰੱਲਾ ਵਿਖੇ ਕਾਰ ਸਵਾਰ ਦੋ ਵਿਅਕਤੀਆਂ ਪਾਸੋਂ 50 ਡੱਬੇ ਹਰਿਆਣਵੀਂ ਸ਼ਰਾਬ ਸਮੇਤ ਸਵਿਫ਼ਟ ਕਾਰ ਨੰ: ਪੀ.ਬੀ13ਬੀਜ-0251 ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਜਗਜੀਤ ਸਿੰਘ ਵਾਸੀ ਲੌਗੋਵਾਲ,ਸੁਖਵਿੰਦਰ ਸਿੰਘ ਵਾਸੀ ਸੰਗਰੂਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਨੇ ਮੰਨਿਆ ਕਿ ਇਹ ਸ਼ਰਾਬ ਹਰਿਆਣਾ ‘ਚੋਂ 500/- ਰੁਪਏ ਪ੍ਰਤੀ ਡੱਬੇ ਲੈਕੇ ਆਏ ਹਨ ਅਤੇ ਅੱਗੇ ਦੁੱਗਣੇ ਰੇਟਾਂ ‘ਤੇ ਵੇਚਣੀ ਸੀ।
ਡਾ. ਭਾਰਗਵ ਨੇ ਦੱਸਿਆ ਕਿ ਪੁਲੀਸ ਨੇ ਪਿੰਡ ਖੈਰਾ ਕਲਾਂ ਕੋਲ ਮੋਟਰਸਾਈਕਲ  (ਹੌਡਾ ਨੰ:ਐਚਆਰ.16ਵੀ-4057) ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਗਿਆ, ਉਨ੍ਹਾਂ ਕੋਲੋਂ 6500 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਡੋਲ ਬਰਾਮਦ ਕੀਤੀਆਂ। ਉਨ੍ਹਾਂ ਕਿਹਾ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਜਰਨੈਲ ਸਿੰਘ, ਹੇਮੰਤ ਸਿੰਘ ਵਾਸੀ ਭਿਵਾਨੀ (ਹਰਿਆਣਾ) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਪਿੰਡ ਕੋਟਲੀ ਕਲਾਂ ਵਿਖੇ ਹੈਪੀ ਸਿੰਘ ਉਰਫ਼ ਮਿੰਟੂ ਪਾਸੋਂ 11 ਨਸ਼ੀਲੀਆਂ ਸ਼ੀਸ਼ੀਆਂ ਅਤੇ 110 ਨਸ਼ੀਲੀਆਂ ਗੋਲੀਆਂ ਦੀ ਬਰਾਮਦਗੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿੱਚ ਗੁਰਦਾਸ ਸਿੰਘ ਵਾਸੀ ਮਾਨਸਾ ਪਾਸੋਂ 30 ਬੋਤਲਾਂ ਸ਼ਰਾਬ ਠੇਕਾ ਹਰਿਆਣਵੀਂ ਦੀ ਬਰਾਮਦਗੀ ਕੀਤੀ ਗਈ ਹੈ।

LEAVE A REPLY

Please enter your comment!
Please enter your name here