

ਮਾਨਸਾ, 05 ਜੁਲਾਈ (ਸਾਰਾ ਯਹਾ,ਬਲਜੀਤ ਸ਼ਰਮਾ : ਪੋਸ਼ਣ ਅਭਿਆਨ (ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ) ਤਹਿਤ ਅੱਜ ਜ਼ਿਲ੍ਹਾ ਕਨਵਰਜੈਂਸ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਂਗਣਵਾੜੀ ਕੇਂਦਰਾਂ ਵਿੱਚ ਜੋ ਬੱਚੇ ਸਰੀਰਕ ਪੱਖੋਂ ਕਮਜ਼ੋਰ ਹਨ, ਉਨਾਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਆਂਗਣਵਾੜੀ ਵਰਕਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਅਜਿਹੇ ਬੱਚਿਆਂ ਵੱਲ ਖਾਸ ਧਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਖੁਰਾਕ ਸਬੰਧੀ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਭਾਰ ਅਤੇ ਕੱਦ ਸਮੇਂ-ਸਮੇਂ ’ਤੇ ਮਾਪਿਆ ਜਾਵੇ, ਤਾਂ ਜੋ ਉਨ੍ਹਾਂ ਦੀ ਮੋਨਿਟਰਿੰਗ ਆਸਾਨੀ ਨਾਲ ਹੋ ਸਕੇ।
ਉਨ੍ਹਾਂ ਸਿਹਤ ਵਿਭਾਗ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਲਾਕ ਵਾਈਜ਼ ਕੈਂਪ ਲਗਾ ਕੇ ਬੱਚਿਆਂ ਦੇ ਮੈਡੀਕਲ ਚੈਕਅੱਪ ਕੀਤੇ ਜਾਣ, ਤਾਂ ਜੋ ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਖੁਰਾਕ ਦੀ ਜ਼ਰੂਰਤ ਹੈ, ਉਨ੍ਹਾਂ ਨੂੰ ਉਸ ਮੁਤਾਬਿਕ ਖੁਰਾਕ ਦਿੱਤੀ ਜਾ ਸਕੇ ਅਤੇ ਜਿਨ੍ਹਾਂ ਬੱਚਿਆਂ ਨੂੰ ਦਵਾਈਆਂ ਜਾਂ ਇਲਾਜ਼ ਦੀ ਜ਼ਰੂਰਤ ਹੈ, ਉਨ੍ਹਾਂ ਦਾ ਸੁਚੱਜੇ ਢੰਗ ਨਾਲ ਇਲਾਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਹੀ ਸਮੇਂ ਅਤੇ ਸਹੀ ਮਾਤਰਾ ਵਿੱਚ ਖੁਰਾਕ ਦੇਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਸਮੇਂ-ਸਮੇਂ ’ਤੇ ਖੁਰਾਕ ਦਾ ਜਾਇਜ਼ਾ ਲੈਣ ਲਈ ਆਂਗਣਵਾੜੀ ਕੇਂਦਰਾਂ ਦੀ ਚੈਕਿੰਗ ਕਰਨੀ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਆਂਗਣਵਾੜੀ ਕੇਂਦਰਾਂ ਵਿੱਚ ਕੱਦ ਮਾਪਣ ਵਾਲੇ ਸਕੇਲ ਦੀਵਾਰ ’ਤੇ ਪੇਂਟ ਕਰਵਾਏ ਜਾਣ ਅਤੇ ਨਾਲ ਹੀ ਭਾਰ ਤੋਲਕ ਵੀ ਰੱਖੇ ਜਾਣ, ਤਾਂ ਜੋ ਸਮੇਂ-ਸਮੇਂ ’ਤੇ ਬੱਚਿਆਂ ਦੇ ਵਾਧੇ ਅਤੇ ਚੰਗੀ ਸਿਹਤ ਸਬੰਧੀ ਜਾਣਕਾਰੀ ਮਿਲਦੀ ਰਹੇ। ਉਨ੍ਹਾਂ ਕਿਹਾ ਕਿ ਨਾਲ ਹੀ ਆਂਗਣਵਾੜੀ ਕੇਂਦਰਾਂ ਵਿੱਚ ਡਾਈਟ ਚਾਰਟ ਵੀ ਜ਼ਰੂਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿੱਚ ਗੁੱਡਾ-ਗੁੱਡੀ ਬੋਰਡਾਂ ’ਤੇ ਬੱਚਿਆਂ ਦੇ ਲਿੰਗ ਅਨੁਪਾਤ ਸਬੰਧੀ ਜਾਣਕਾਰੀ ਵੀ ਜ਼ਰੂਰ ਲਿਖੀ ਜਾਵੇ।
ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੇਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ, ਸਵੱਛ ਭਾਰਤ ਪੇ੍ਰਰਕ ਸ਼੍ਰੀ ਆਦਿਤਯ ਮਦਾਨ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਵਿਨਾਸ਼ ਕੌਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਵੜਿੰਗ, ਡੀ.ਐਸ.ਐਮ.ਓ. ਡਾ. ਬਲਜੀਤ ਕੌਰ, ਤਹਿਸੀਲ ਭਲਾਈ ਅਫ਼ਸਰ ਸ਼੍ਰੀ ਕੁਲਦੀਪ ਸਿੰਘ ਅਤੇ ਬਾਗਬਾਨੀ ਦਫ਼ਤਰ ਵੱਲੋਂ ਸ਼੍ਰੀ ਪਰਮੇਸ਼ਰ ਸਿੰਘ ਮੌਜੂਦ ਸਨ।























