

ਮਿੰਨ੍ਹੀ ਕਹਾਣੀ – ਛਬੀਲ ਦਾ ਪੁੰਨ ਗਰਮੀ ਦਾ ਜੂਨ ਮਹੀਨਾ, ਛੁੱਟੀਆਂ ਦੇ ਦਿਨ ਚੱਲ ਰਹੇ ਸਨ। ਪਿੰਡ ਦੇ ਨੌਜਵਾਨਾਂ ਨੇ ਪਿੰਡ ਵਿਚ ਛਬੀਲ ਲਗਾਉਣ ਦੀ ਸਲਾਹ ਬਣਾਈ। ਉਹ ਸਾਰੇ ਇਕੱਠੇ ਹੋਕੇ ਪਿੰਡ ਵਿਚ ਬਾਸ਼ ਇਕੱਠੀ ਕਰਨ ਚੱਲ ਪਏ। ਜਦੋਂ ਉਹ ਜਥੇਦਾਰ ਨਿਰੰਜਣ ਸਿੰਘ ਦੇ ਘਰ ਗਏ ਤਾਂ ਸਿਆਣੇ ਹੋਣ ਦੇ ਨਾਂਅ ਤੇ ਉਨ੍ਹਾਂ ਨੇ ਨੌਜਵਨਾਂ ਬਾਸ਼ ਦੇ ਪੈਸੇ ਦਿੰਦਿਆਂ ਸਲਾਹ ਦਿੱਤੀ ਕਿ ਛਬੀਲਾਂ ਤਾਂ ਹੁਣ ਬਹੁਤ ਲੱਗ ਗਈਆਂ, ਇਸ ਪੈਸੇ ਨੂੰ ਤੁਸੀਂ ਕਿਸੇ ਗਰੀਬ ਬੱÎਚਿਆਂ ਦੀ ਪੜ੍ਹਾਈ ਲਈ ਯੋਗਦਾਨ ਵਿਚ ਪਾਊਂ ਤਾਂ ਗੱਲ ਵਧੀਆ ਰਹੂ। ਪਰ ਜਵਾਨੀ ਦੇ ਜੋਸ਼ੀਲੇ ਨੌਜਵਾਨ ਸਿਰਫ਼ ਛਬੀਲ ਲਾਉਣ ਦੀ ਜ਼ਿੱਦ ਤੇ ਹੀ ਅੜੇ ਹੋਏ ਸਨ। ਅਗਲੇ ਦਿਨ ਪਿੰਡ ਦੇ ਮੇਨ ਰੋਡ ਤੇ ਛਬੀਲ ਲਗਾ ਦਿੱਤੀ ਗਈ, ਉੱਚੀ ਆਵਾਜ਼ ਵਿਚ ਧਾਰਮਿਕ ਗਾਣੇ ਲਗਾ ਕੇ ਨੌਜਵਾਨ ਹਰ ਰਾਹੀ ਕਾਰ, ਬੱਸ, ਟਰੱਕ, ਸਕੂਟਰ, ਮੋਟਰਸਾਇਕਲਾਂ ਨੂੰ ਰੋਕ ਕੇ ਪਾਣੀ ਪਿਲਾਉਣ ਲੱਗ ਪਏ। ਦੁਪਹਿਰ ਚੜ੍ਹੇ ਤੋਂ ਗਰਮੀ ਵੀ ਅੱਤ ਦੀ ਵਧ ਗਈ ਅਤੇ ਛਬੀਲ ਉੱਤੇ ਇਕੱਠ ਜ਼ਿਆਦਾ ਹੋ ਗਿਆ। ਇਕ ਟਰੱਕ ਤੇਜ਼ ਰਫ਼ਤਾਰ ਵਿਚ ਆ ਰਿਹਾ ਹੀ ਜਿਸ ਦੇ ਕੁਦਰਤੀ ਬਰੇਕ ਫੇਲ੍ਹ ਹੋਏ ਸਨ, ਡਰਾਇਵਰ ਨੇ ਬਹੁਤ ਹਾਰਨ ਮਾਰੇ ਪ੍ਰੰਤੂ ਉੱਚੀ ਆਵਾਜ਼ ਵਿਚ ਵੱਜ ਰਹੇ ਗਾਣਿਆਂ ਕਾਰਨ ਕਿਸੇ ਨੂੰ ਕੁਝ ਸੁਣਾਈ ਨਾ ਦਿੱਤਾ, ਫਲਸਰੂਪ ਟਰੱਕ ਨੇ ਕਈ ਰਾਹਗੀਰਾਂ ਸਮੇਤ ਪਿੰਡ ਦੇ ਨੌਜਵਾਨ ਦਰੜ ਦਿੱਤੇ ਅਤੇ ਟਰੱਕ ਇਕ ਦਰੱਖਤ ਵਿਚ ਵੱਜ ਕੇ ਰੁਕ ਗਿਆ। ਇਸ ਘਟਨਾਂ ਉਪਰੰਤ ਟਰੱਕ ਡਰਾਇਵਰ ਟਰੱਕ ਛੱਡ ਕੇ ਫਰਾਰ ਹੋ ਗਿਆ। ਪਿੰਡ ਵਾਸੀ ਘਟਨਾ ਸਥਾਨ ਤੇ ਇਕੱਠੇ ਹੋ ਗਏ। ਨਿਰੰਜਣ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਹੀ ਨੌਜਵਾਨਾਂ ਨੂੰ ਅਗਾਹ ਕੀਤਾ ਸੀ ਪਰ ਇਨ੍ਹਾਂ ਦਾ ਜੋਸ਼ੀਲਾ ਖੂਨ ਗਲਤ ਪਾਸੇ ਚੱਲ ਗਿਆ। ਅਸਲ ਵਿਚ ਇਹ ਛਬੀਲ ਦਾ ਪੁੰਨ ਪਿੰਡ ਦੇ ਭਲੇ ਲਈ ਨਹੀਂ ਦੁਖ਼ਾਂਤ ਹੋ ਨਿਬੜਿਆ।
ਭੁਪਿੰਦਰ ਤੱਗੜ























