ਦਾਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸੱਠੀ ਮੂੰਗੀ ਦੀ ਬਿਜਾਈ ਕਰਵਾਈ

0
15

ਮਾਨਸਾ, 13 ਮਈ (ਸਾਰਾ ਯਹਾ,(ਬਲਜੀਤ ਸ਼ਰਮਾ) : ਮੁੱਖ ਖੇਤੀਬਾੜੀ ਅਫਸਰ, ਮਾਨਸਾ ਡਾ. ਗੁਰਮੇਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਬਲਾਕ ਮਾਨਸਾ, ਪਿੰਡ ਗੇਹਲੇ ਵਿੱਚ ਸ਼੍ਰੀ ਰਮੇਸ਼ਵਰ ਸ਼ਰਮਾ ਦੇ ਦੋ ਏਕੜ ਵਿੱਚ ਸੱਠੀ ਮੂੰਗੀ ਦੀ ਬਿਜਾਈ ਕਰਵਾਈ ਗਈ। ਬਿਜਾਈ ਸਮੇਂ ਉਨ੍ਹਾਂ ਦੱਸਿਆ ਕਿ ਦਾਲਾਂ ਮਨੁੱਖੀ ਭੋਜਨ ਦਾ ਮੁੱਖ ਹਿੱਸਾ ਹਨ ਕਿਉਂਕਿ ਦਾਲਾਂ ਵਿੱਚ ਬਹੁਤ ਜ਼ਿਆਦਾ ਮਾਤਰਾਂ ਵਿੱਚ ਪ੍ਰੋਟੀਨ ਮੌਜੂਦ ਹੁੰਦਾ ਹੈ। 100 ਗ੍ਰਾਮ ਮੂੰਗੀ ਵਿੱਚ 24 ਗ੍ਰਾਮ ਪ੍ਰੋਟੀਨ ਤੋਂ ਇਲਾਵਾ ਬਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਸੀ, ਸੋਡੀਅਮ ਅਤੇ ਪੋਟਾਸ਼ੀਅਮ ਆਦਿ ਤੱਤ ਹੁੰਦੇ ਹਨ ਜੋ ਕਿ ਮਨੁੱਖ ਨੂੰ ਰਿਸ਼ਟ-ਪੁਸ਼ਟ ਰੱਖਣ ਵਿੱਚ ਸਹਾਈ ਹੁੰਦੇ ਹਨ ਅਤੇ ਬਿਮਾਰੀਆਂ ਤੋਂ ਬਚਾਅ ਕਰਦੇ ਹਨ।
ਸਹਾਇਕ ਪੌਦਾ ਸੁਰੱਖਿਆ ਅਫਸਰ, ਮਾਨਸਾ ਡਾ. ਡੂੰਗਰ ਸਿੰਘ ਬਰਾੜ ਨੇ ਦੱਸਿਆ ਕਿ ਸੱਠੀ ਮੂੰਗੀ ਦੀਆਂ 230 ਪ੍ਰਦਰਸ਼ਨੀਆਂ ਮਾਨਸਾ ਜ਼ਿਲ੍ਹੇ ਵਿੱਚ ਲਗਾਈਆਂ ਗਈਆਂ ਹਨ। ਵਿਭਾਗ ਵੱਲੋਂ ਲਗਾਈਆਂ ਜਾਂਦੀਆਂ ਇਨ੍ਹਾਂ ਪ੍ਰਦਰਸ਼ਨੀਆਂ ਦਾ ਮੁੱਖ ਮੰਤਵ ਇਹ ਹੈ ਕਿ ਇਨ੍ਹਾਂ ਨੂੰ ਦੇਖ ਕੇ ਹੋਰ ਕਿਸਾਨ ਵੀ ਇਸ ਖੇਤੀ ਤਕਨੀਕ ਵੱਲ ਅੱਗੇ ਆਉਣ ਅਤੇ ਘੱਟ ਖਰਚੇ ਵਿੱਚ ਵੱਧ ਮੁਨਾਫਾ ਪਾ ਸਕਣ। ਕਣਕ ਦੀ ਫਸਲ ਤੋਂ ਬਾਅਦ ਅਤੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਲਗਭਗ 60 ਦਿਨਾਂ ਦਾ ਸਮਾਂ ਹੁੰਦਾ ਹੈ। ਇਸ ਸਮੇਂ ਦੀ ਢੁਕਵੀਂ ਵਰਤੋਂ ਕਰਨ ਲਈ ਸੱਠੀ ਮੂੰਗੀ ਦੀ ਬਿਜਾਈ ਝੋਨੇ ਵਾਲੀਆਂ ਜ਼ਮੀਨਾਂ ਵਿੱਚ ਬਹੁਤ ਲਾਭਦਾਇਕ ਸਿੱਧ ਹੁੰਦੀ ਹੈ, ਇਸ ਲਈ ਇਹ ਫਸਲ ਘੱਟ ਸਮਾਂ ਲੈਣ ਕਰਕੇ ਲਗਭਗ 60 ਦਿਨਾਂ ਦਾ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚ ਫਿੱਟ ਹੈ। 
ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਚਮਨਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੀਆਂ ਜ਼ਮੀਨਾਂ ਵਿੱਚ ਲਗਾਤਾਰ 3 ਸਾਲ ਮੂੰਗੀ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਮੂੰਗੀ ਦਾ ਪਰਾਲ ਜ਼ਮੀਨ ਵਿੱਚ ਵਾਹਿਆ ਜਾਂਦਾ ਹੈ ਉੱਥੇ ਨਾਈਟ੍ਰੋਜਨ ਖਾਦ 25% ਦੂਸਰੀਆਂ ਜ਼ਮੀਨਾਂ ਦੇ ਮੁਕਾਬਲੇ ਘੱਟ ਪਾਉਣੀ ਚਾਹੀਦੀ ਹੈ ਕਿਉਂਕਿ ਮੂੰਗੀ ਦੇ ਪੌਦੇ ਦੀਆਂ ਜੜਾਂ ਉੱਪਰ ਗੰਢਾਂ ਹੁੰਦੀਆਂ ਹਨ, ਇਨ੍ਹਾਂ ਗੰਢਾਂ ਵਿੱਚ ਰਾਈਜ਼ੋਬੀਅਮ ਨਾਂ ਦਾ ਬੈਕਟੇਰੀਆ ਹੁੰਦਾ ਹੈ ਜੋ ਕਿ ਹਵਾ ਵਿੱਚ ਮੌਜੂਦ ਨਾਈਟ੍ਰੋਜਨ ਨੂੰ ਫਿਕਸ ਕਰਕੇ ਪੌਦੇ ਨੂੰ ਦਿੰਦਾ ਹੈ।
 ਖੇਤੀਬਾੜੀ ਵਿਕਾਸ ਅਫਸਰ ਡਾ. ਜਸਲੀਨ ਕੌਰ ਧਾਲੀਵਾਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੂੰਗੀ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ, ਪਹਿਲੀ ਗੋਡੀ ਬਿਜਾਈ ਤੋਂ 4 ਹਫਤੇ ਪਿੱਛੋਂ ਅਤੇ ਦੂਜੀ ਗੋਡੀ ਜੇ ਲੋੜ ਪਵੇ ਤਾਂ ਪਹਿਲੀ ਗੋਡੀ ਤੋਂ 2 ਹਫਤੇ ਪਿੱਛੋਂ ਕੀਤੀ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ਤੇ ਦੱਸਿਆ ਕਿ ਮੂੰਗੀ ਦੀ ਫਸਲ ਵਿੱਚ ਆਮ ਤੌਰ ਤੇ ਚਿਤਕਬਰਾ ਰੋਗ ਆ ਜਾਂਦਾ ਹੈ ਇਹ ਇੱਕ ਵਿਸ਼ਾਣੂ ਰੋਗ ਹੈ ਜੋ ਕਿ ਚਿੱਟੀ ਮੱਖੀ ਦੁਆਰਾ ਫੈਲਦਾ ਹੈ। ਰੋਗੀ ਬੂਟਿਆਂ ਦੇ ਪੱਤਿਆਂ ਉੱਤੇ ਪੀਲੇ ਅਤੇ ਹਰੇ ਰੰਗ ਦੇ ਚਿਤਕਬਰੀ ਚਿਟਾਕ ਪੈ ਜਾਂਦੇ ਹਨ ਉਨ੍ਹਾਂ ਬੂਟਿਆਂ ਉੱਪਰ ਫਲੀਆਂ ਨਹੀਂ ਲੱਗਦੀਆਂ ਜਾਂ ਬਹੁਤ ਘੱਟ ਪੀਲੀਆਂ ਫਲੀਆਂ ਲੱਗਦੀਆਂ ਹਨ। ਇਸ ਰੋਗ ਤੋਂ ਬਚਾਅ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸਿਫਾਰਸ਼ ਕਿਸਮਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਫਸਲ ਦੇ ਆਰੰਭ ਵਿੱਚ ਹੀ ਕਿਸਾਨ ਆਪਣੇ ਖੇਤਾਂ ਵਿੱਚ ਲਗਾਤਾਰ ਸਰਵੇਖਣ ਕਰਨ, ਜੇਕਰ ਇਹ ਨਿਸ਼ਾਨੀਆਂ ਕਿਸੇ ਬੂਟੇ ਉੱਪਰ ਦਿਖਣ ਤਾਂ ਉਨ੍ਹਾਂ ਬੂਟਿਆਂ ਨੂੰ ਪੁੱਟ ਕੇ ਟੋਏ ਵਿੱਚ ਦਬਾਅ ਦੇਣਾ ਚਾਹੀਦਾ ਹੈ ਤਾਂ ਜੋ ਇਹ ਰੋਗ ਦੂਜੇ ਬੂਟਿਆਂ ਤੱਕ ਨਾ ਫੈਲ ਸਕੇ। 
ਇਸ ਸਮੇਂ ਸ਼੍ਰੀ ਪਰਾਗਦੀਪ ਸਿੰਘ, ਬੀ.ਟੀ.ਐਮ., ਸ਼੍ਰੀ ਹਰਚੇਤ ਸਿੰਘ, ਖੇਤੀਬਾੜੀ ਉੱਪ ਨਿਰੀਖਕ, ਸ਼੍ਰੀ ਗੁਰਬਖਸ਼ ਸਿੰਘ, ਖੇਤੀਬਾੜੀ ਉੱਪ ਨਿਰੀਖਕ ਅਤੇ ਸ਼੍ਰੀਮਤੀ ਮਨਤਪ੍ਰੀਤ ਕੌਰ ਏ.ਟੀ.ਐਮ. ਤੋਂ ਇਲਾਵਾ ਪਿੰਡ ਦੇ ਕਿਸਾਨ ਵੀ ਮੌਜੂਦ ਸਨ।                             

LEAVE A REPLY

Please enter your comment!
Please enter your name here