

ਮਾਨਸਾ, 13 ਮਈ (ਸਾਰਾ ਯਹਾ,(ਬਲਜੀਤ ਸ਼ਰਮਾ) : ਚਾਈਲਡ ਹੈਲਪਲਾਈਨ 1098 ਦੁਆਰਾ ਮਾਨਸਾ ਦੇ ਪੰਜ ਲਾਪਤਾ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਜੈਕਟ ਮੈਨੇਜ਼ਰ ਚਾਈਲਡ ਲਾਈਨ ਮਾਨਸਾ ਨੇ ਦੱਸਿਆ ਕਿ ਇੱਕ ਔਰਤ ਅਤੇ ਉਸਦੇ ਪੰਜ ਬੱਚੇ ਘਰੇਲੂ ਹਿੰਸਾ ਦੇ ਸ਼ਿਕਾਰ ਹੋਣ ਕਾਰਨ ਪਿਛਲੇ ਇੱਕ ਮਹੀਨੇ ਤੋਂ ਘਰੋਂ ਚਲੇ ਗਏ ਸਨ। ਇਸ ਉਪਰੰਤ ਪਰਿਵਾਰ ਦੇ ਮੈਂਬਰਾਂ ਨੇ ਇਸ ਸਬੰਧੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਅਤੇ ਸ਼ਹਿਰ ਵਿੱਚ ਥਾਂ-ਥਾਂ ਤੇ ਉਹਨਾਂ ਦੇ ਗੁੰਮਸ਼ੁਦਗੀ ਸੰਬੰਧੀ ਇਸ਼ਤਿਹਾਰ ਵੀ ਲਗਵਾਏ ਗਏ, ਪਰੰਤੂ ਬੱਚੇ ਪਰਿਵਾਰ ਨੂੰ ਨਹੀ ਮਿਲੇ ।
ਕੁਝ ਦਿਨ ਪਹਿਲਾਂ ਚਾਈਲਡ ਲਾਈਨ 1098 ਤੇ ਰਾਤ ਦੇ ਸਮੇਂ ਇਸ ਸੰਬੰਧੀ ਸਿਕਾਇਤ ਮਿਲੀ ਅਤੇ ਸੀ.ਡੀ.ਪੀ.ਓ. ਮਾਨਸਾ ਕੰਵਰ ਸਿੰਘ ਇਹਨਾਂ ਬੱਚਿਆਂ ਨੂੰ ਚਾਈਲਡ ਲਾਈਨ ਦੇ ਮਾਨਸਾ ਦਫ਼ਤਰ ਵਿਖੇ ਲੈ ਕੇ ਆਏ। ਉਸ ਤੋਂ ਅਗਲੇ ਦਿਨ ਚਾਈਲਡ ਲਾਈਨ ਮਾਨਸਾ ਦੁਆਰਾ ਬੱਚਿਆਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਲੱਭ ਕੇ ਬਾਲ ਭਲਾਈ ਕਮੇਟੀ, ਮਾਨਸਾ ਕੋਲ ਪੇਸ਼ ਕੀਤਾ ਗਿਆ ਅਤੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਸੌਪਿਆ ਗਿਆ । ਪਰਿਵਾਰ ਨੇ ਬੱਚਿਆਂ ਨੂੰ ਮਿਲ ਕੇ ਖੁਸ਼ੀ ਜ਼ਾਹਿਰ ਕਰਦਿਆਂ ਚਾਈਲਡ ਲਾਈਨ 1098, ਮਾਨਸਾ ਦਾ ਧੰਨਵਾਦ ਕੀਤਾ ।
ਪ੍ਰੋਜੈਕਟ ਮੈਨੇਜ਼ਰ ਨੇ ਦੱਸਿਆ ਕਿ ਅਗਰ ਕਿਸੇ ਦਾ ਬੱਚਾ ਗੁੰਮ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਲਾਪਤਾ ਬੱਚਾ ਮਿਲਦਾ ਹੈ ਤਾਂ ਉਹ ਤੁਰੰਤ ਚਾਈਲਡ ਹੈਲਪ ਲਾਈਨ ਨੰਬਰ 1098 ਤੇ ਸੰਪਰਕ ਕਰਨ ਤਾਂ ਜੋ ਬੱਚੇ ਜਾਂ ਉਸਦੇ ਪਰਿਵਾਰ ਨੂੰ ਜਲਦੀ ਲੱਭਿਆ ਜਾ ਸਕੇ ਅਤੇ ਕੇਸ ਵਿੱਚ ਜਲਦੀ ਕਾਰਵਾਈ ਹੋ ਸਕੇ ।























