

ਚੰਡੀਗੜ੍ਹ,(ਸਾਰਾ ਯਹਾ,(ਬਲਜੀਤ ਸ਼ਰਮਾ) 12 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਰਾਮ ਜੀ ਦੇ ਜਨਮ ਦਿਹਾੜੇ ‘ਰਾਮ ਨੌਮੀ’ ਦੇ ਪਵਿੱਤਰ ਮੌਕੇ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ।
ਰਾਮ ਨੌਮੀ ਦੇ ਮੌਕੇ ‘ਤੇ ਆਪਣੇ ਸੰਦੇਸ਼ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਤਿਓਹਾਰ ਭਾਈਚਾਰੇ ਅਤੇ ਮਨੁੱਖਤਾ ਦੀ ਏਕਤਾ ਤੋਂ ਇਲਾਵਾ ਮਰਿਯਾਦਾ ਪੁਰਸ਼ੋਤਮ ਭਗਵਾਨ ਰਾਮ ਵੱਲੋਂ ਨੈਤਿਕਤਾ ਅਤੇ ਅਧਿਆਤਿਮਕਤਾ ਦੀ ਕਦਰਾਂ-ਕੀਮਤਾਂ ਬਾਰੇ ਦਿੱਤਿਆਂ ਸਿੱਖਿਆਵਾਂ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਗਵਾਨ ਰਾਮ ਨੇ ਖੁਸ਼ਹਾਲ ਅਤੇ ਸਦਭਾਵਨਾ ਭਰਪੂਰ ਸਮਾਜ ਦੇ ਵਾਸਤੇ ਆਦਰਸ਼ ਅਤੇ ਸਦਾਚਾਰੀ ਮਾਰਗ ਦਿਖਾਇਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ ‘ਤੇ ਚੱਲਣ ਦਾ ਸੱਦਾ ਦਿੱਤਾ ਹੈ ਜੋ ਮੌਜੂਦਾ ਪਦਾਰਥਵਾਦੀ ਸਮਾਜ ਵਿੱਚ ਵੀ ਤਰਕਸੰਗਤ ਹਨ ਅਤੇ ਇਹ ਸਿੱਖਿਆਵਾਂ ਹੀ ਬੁਰਾਈਆਂ ਦੇ ਸ਼ਿਕੰਜੇ ਵਿੱਚੋਂ ਸਮਾਜ ਨੂੰ ਬਾਹਰ ਕੱਢਣ ਲਈ ਮਦਦਗਾਰ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪਵਿੱਤਰ ਮੌਕਾ ਨਾ ਕੇਵਲ ਫਿਰਕੂ ਸਦਭਾਵਨਾ, ਭਾਈਚਾਰੇ ਅਤੇ ਆਪਸੀ ਸਮਝ ਦੀ ਭਾਵਨਾ ਨੂੰ ਬੜ੍ਹਾਵਾ ਦਿੰਦਾ ਹੈ ਸਗੋਂ ਲੋਕਾਂ ਨੂੰ ਖੁਸ਼ਹਾਲੀ ਅਤੇ ਅਥਾਹ ਖੁਸ਼ੀਆਂ-ਖੇੜੇ ਵੀ ਪ੍ਰਦਾਨ ਕਰਦਾ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਪਵਿੱਤਰ ਤਿਓਹਾਰ ਜਾਤ, ਰੰਗ, ਨਸਲ ਅਤੇ ਧਰਮ ਤੋਂ ਉਪਰ ਉੱਠ ਕੇ ਇਕੱਠੇ ਹੋ ਕੇ ਮਨਾਉਣ ਦੀ ਅਪੀਲ ਕੀਤੀ ਹੈ।
——–























