

ਮਾਨਸਾ, 13 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਵੱਲੋਂ ਵਿੱਢੇ 6 ਹਫ਼ਤਾ ਸ਼ਨੀਵਾਰ ਸ਼੍ਰਮਦਾਨ ਮਿਸ਼ਨ ਦਾ ਚੌਥਾ ਹਫ਼ਤਾ ਸਰਕਾਰੀ ਦਫ਼ਤਰਾਂ ਦੀ ਸਫਾਈ ਦੇ ਨਾਮ ਰਿਹਾ। ਇਸ ਮੌਕੇ ਬੋਲਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀ ਅਭਿਜੀਤ ਕਪਲਿਸ਼ ਨੇ ਕਿਹਾ ਕਿ ਸਫਾਈ ਅਭਿਆਨ ਦੇ ਇਸ ਚੌਥੇ ਹਫ਼ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਵੱਖ-ਵੱਖ ਸਰਕਾਰੀ ਦਫ਼ਤਰਾਂ ਦੀ ਸਾਫ਼-ਸਫ਼ਾਈ ਕੀਤੀ ਗਈ।

ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼ ਨੇ ਕਿਹਾ ਕਿ ਰੋਜ਼ਾਨਾ ਦੇ ਜ਼ਿਆਦਾਤਰ ਘੰਟੇ ਅਸੀਂ ਆਪਣੇ ਦਫ਼ਤਰਾਂ ਜਾਂ ਕੰਮ ਵਾਲੀ ਥਾਂ ‘ਤੇ ਬਤੀਤ ਕਰਦੇ ਹਾਂ ਇਸ ਲਈ ਜਿਨ੍ਹੀਂ ਸਾਫ਼-ਸਫਾਈ ਅਸੀਂ ਆਪਣੇ ਘਰਾਂ ਦੀ ਰੱਖਦੇ ਹਾਂ, ਉਨ੍ਹਾਂ ਹੀ ਸਾਫ਼-ਸੁਥਰਾ ਮਾਹੌਲ ਸਾਨੂੂੰ ਆਪਣੇ ਦਫ਼ਤਰਾਂ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਵਾਤਾਵਰਨ ਨੂੰ ਸਵੱਛ ਰੱਖਦੇ ਹਾਂ ਤਾਂ ਉਸਦਾ ਅਸਰ ਸਾਡੇ ਕੰਮ-ਕਾਜ ‘ਤੇ ਵੀ ਪੈਂਦਾ ਹੈ ਕਿਉਂਕਿ ਸਾਫ ਵਾਤਾਵਰਨ ਵਿੱਚ ਅਸੀਂ ਜ਼ਿਆਦਾ ਚੁਸਤੀ ਤੇ ਫੁਰਤੀ ਨਾਲ ਕੰਮ ਕਰ ਸਕਦੇ ਹਾਂ।
ਅੱਜ ਸਵੇਰੇ ਤੜਕਸਾਰ ਹੀ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਐਸ.ਡੀ.ਐਮ. ਦਫ਼ਤਰ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਡਿਪਟੀ ਕਮਿਸ਼ਨਰ ਦਫ਼ਤਰ, ਸਹਾਇਕ ਕਮਿਸ਼ਨਰ ਦਫ਼ਤਰ, ਕਰ ਤੇ ਆਬਕਾਰੀ ਵਿਭਾਗ, ਫੁਟਕਲ ਬਰਾਂਚ, ਡਾਕ ਬਰਾਂਚ, ਆਰ.ਟੀ.ਆਰ. ਸ਼ਾਖਾ, ਆਰ.ਟੀ.ਆਈ. ਬਰਾਂਚ, ਲੈਂਡ ਰਿਕਾਰਡ ਸੁਸਾਇਟੀ ਬਰਾਂਚ, ਜੀ.ਆਈ.ਐਸ. ਸ਼ਾਖਾ, ਨਗਰ ਪਾਲਿਕਾ ਸ਼ਾਖਾ ਅਤੇ ਮੁੜ ਵਸਾਊਂ ਸ਼ਾਖਾ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ-ਆਪਣੇ ਦਫ਼ਤਰਾਂ ਦੀ ਸਫ਼ਾਈ ਕੀਤੀ ਗਈ।
























