ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਕਰਵਾਈ ਵੋਟ ਜਾਗਰੂਕਤਾ ਮੈਰਾਥਨ

0
12

ਮਾਨਸਾ, 31 ਮਾਰਚ (ਸਾਰਾ ਯਹਾ,(ਬਲਜੀਤ ਸ਼ਰਮਾ) : ਜ਼ਿਲ੍ਹਾ ਖੇਡ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਵੀਪ ਪ੍ਰੋਗਰਾਮ ਤਹਿਤ ਖੇਡ ਵਿਭਾਗ ਮਾਨਸਾ ਵੱਲੋਂ ਅੱਜ ਵੋਟ ਜਾਗਰੂਕਤਾ ਮੈਰਾਥਨ ਕਰਵਾਈ ਗਈ। ਇਸ ਮੈਰਾਥਨ ਨੂੰ ਸ਼੍ਰੀ ਸਵਰਨ ਸਿੰਘ ਵਿਰਕ ਅਤੇ ਸ਼੍ਰੀ ਸੁਖਮੀਤ ਸਿੰਘ ਸਮਾਘ (ਦੋਵੇਂ ਅਰਜੁਨਾ ਅਵਾਰਡੀ (ਰੋਇੰਗ) ਏਸ਼ੀਅਨ ਗੇਮਜ਼ ਗੋਲਡ ਮੈਡਲਿਸਟ 2018) ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਵੇਰੇ 6 ਵਜੇ ਦੇ ਕਰੀਬ ਸ਼ੁਰੂ ਹੋਈ ਇਸ ਮੈਰਾਥਨ ਵਿੱਚ ਕਰੀਬ 800 ਵਿਅਕਤੀਆਂ ਨੇ ਭਾਗ ਲਿਆ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਮੈਰਾਥਨ ਦਾ ਮੁੱਖ ਮੰਤਵ ਲੋਕਾਂ ਨੂੰ ਆਪਣੀ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਵੋਟਾਂ ਵਾਲੇ ਦਿਨ ਵੱਧ ਤੋਂ ਵੱਧ ਤਾਦਾਦ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਮੈਰਾਥਨ ਰਾਹੀਂ ਲੋਕਾਂ ਨੂੰ ਖੇਡਾਂ ਵਿੱਚ ਦਿਲਚਸਪੀ ਵਧਾਉਣ ਦਾ ਵੀ ਸੁਨੇਹਾ ਦਿੱਤਾ ਜਾ ਰਿਹਾ ਹੈ। 
    ਇਸ ਮੈਰਾਥਾਨ ਵਿੱਚ ਜ਼ਿਲ੍ਹੇ ਦੇ ਹਰ ਉਮਰ ਦੇ ਬੱਚਿਆਂ, ਮੁੰਡਿਆਂ, ਕੁੜੀਆਂ ਅਤੇ ਬਜ਼ੁਰਗਾਂ ਵੱਲੋਂ ਹਿੱਸਾ ਲਿਆ ਗਿਆ। ਇਹ ਦੌੜ ਸਥਾਨਕ ਬਾਲ ਭਵਨ ਤੋਂ ਸ਼ੁਰੂ ਹੋ ਕੇ ਬੱਸ ਸਟੈਂਡ ਹੁੰਦਿਆਂ, ਤਿੰਨਕੋਣੀ ਤੋਂ ਜਾ ਕੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਸਮਾਪਤ ਹੋਈ, ਜਿੱਥੇ ਜੇਤੂਆਂ ਨੂੰ ਅਰਜੁਨਾ ਅਵਾਰਡੀ ਸ਼੍ਰੀ ਸਵਰਨ ਸਿੰਘ ਵਿਰਕ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਰਟੀਫਿਕੇਟਾਂ ਅਤੇ ਮੈਡਲਾਂ ਦੀ ਵੰਡ ਕੀਤੀ ਗਈ।


    ਇਸ ਮੈਰਾਥਨ ਵਿੱਚ ਮੁੰਡਿਆਂ ਵਿੱਚੋਂ ਸਿਕੰਦਰ ਸਿੰਘ ਨੇ ਪਹਿਲੇ, ਨਰਿੰਦਰ ਸਿੰਘ ਨੇ ਦੂਸਰੇ ਅਤੇ ਛਿੰਦਰ ਸਿੰਘ ਨੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਕੁੜੀਆਂ ਵਿੱਚੋਂ ਅਮਨਦੀਪ ਕੌਰ, ਹਰਪਿੰਦਰ ਕੌਰ ਅਤੇ ਬੰਦਨਾ ਰਾਣੀ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹੇ। ਇਸ ਮੈਰਾਥਨ ਦਾ ਮੁੱਖ ਆਕਰਸ਼ਨ ਪਿੰਡ ਹੀਰਕੇ ਦਾ ਇੱਕ ਦਿਵਯਾਂਗ ਵਿਅਕਤੀ ਬਲਵਿੰਦਰ ਸਿੰਘ ਰਿਹਾ, ਜਿਸਨੇ ਦੌੜਕੇ ਹੋਏ ਇਹ ਮੈਰਾਥਨ ਸਮਾਪਤ ਕੀਤੀ, ਜਿਸਨੂੰ ਵੱਲੋਂ ਸਨਮਾਨਿਤ ਕੀਤਾ ਗਿਆ। ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਨੂੰ ਖੇਡ ਸਟੇਡੀਅਮ ਵਿਖੇ ਰਿਫਰੈਸ਼ਮੈਂਟ ਵੀ ਦਿੱਤੀ ਗਈ।
    ਇਸ ਮੌਕੇ ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਢੱਚਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ਼੍ਰੀ ਦਿਨੇਸ਼ ਵਿਸ਼ਿਸ਼ਟ, ਸਿਵਲ ਸਰਜਨ ਸ਼੍ਰੀ ਲਾਲ ਚੰਦ ਠਕਰਾਲ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ, ਸਹਾਇਕ ਡਾਇਰੈਕਟਰ ਯੂਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਅਤੇ ਡਾ. ਰਣਜੀਤ ਸਿੰਘ ਰਾਏ ਤੋਂ ਇਲਾਵਾ ਡੀ.ਏ.ਵੀ. ਸਕੂਲ, ਗਾਂਧੀ ਸੀਨੀਅਰ ਸੈਕੰਡਰੀ ਸਕੂਲ, ਗੁਰੂਕੁਲ ਅਕੈਡਮੀ ਉੱਭਾ, ਆਈ.ਟੀ.ਆਈ. ਭੈਣੀ ਬਾਘਾ, ਸਰਕਾਰੀ ਆਈ.ਟੀ.ਆਈ. ਦੇ ਵਿਦਿਆਰਥੀਆਂ ਅਤੇ ਯੂਥ ਕੱਲਬ ਮੂਸਾ, ਮੌਜੀਆ, ਹੀਰਕੇ, ਅਲੀਸ਼ੇਰ ਕਲਾਂ, ਅੱਕਾਂਵਾਲੀ ਦੇ ਵਲੰਟੀਅਰਾਂ ਤੇ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।


LEAVE A REPLY

Please enter your comment!
Please enter your name here