

ਮਾਨਸਾ, 08 ਮਾਰਚ (ਸਾਰਾ ਯਹਾ,(ਹੀਰਾ ਮਿੱਤਲ): ਬੱਚਿਆਂ ਅਤੇ ਔਰਤਾਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਅਤੇ ਕੁਪੋਸ਼ਣ ਖਿਲਾਫ਼ ਲੜਦੇ ਹੋਏ ‘ਹਰ ਘਰ ਪੋਸ਼ਣ ਤਿਓਹਾਰ’ ਦੇ ਸਿਰਲੇਖ ਹੇਠ 8 ਮਾਰਚ ਤੋਂ 22 ਮਾਰਚ ਤੱਕ ਪੋਸ਼ਣ ਪਖਵਾੜਾ ਮਨਾਇਆ ਜਾ ਰਿਹਾ ਹੈ, ਜਿਸ ਸਬੰਧੀ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਅੱਜ ਪਿੰਡ ਮਾਖੇਵਾਲਾ ਦੇ ਆਂਗਣਵਾੜੀ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਔਰਤ ਦੀ ਸਮਾਜ ਵਿੱਚ ਬਹੁਤ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਸਾਰੇ ਪਰਿਵਾਰ ਦਾ ਖ਼ਿਆਲ ਰੱਖਦੀ ਹੈ ਅਤੇ ਉਨ੍ਹਾਂ ਦੇ ਖਾਣ-ਪੀਣ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਇੱਕ ਔਰਤ ਨੂੰ ਆਪਣੀ ਖੁਰਾਕ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਖ਼ਾਸ ਤੌਰ ‘ਤੇ ਜਦੋਂ ਉਹ ਗਰਭਵਤੀ ਹੋਵੇ, ਉਸ ਸਮੇਂ ਆਪਣੀ ਖੁਰਾਕ ਦੁਗੁਣੀ ਕਰ ਦੇਣੀ ਚਾਹੀਦੀ ਹੈ, ਤਾਂ ਜੋ ਮਾਂ ਅਤੇ ਹੋਣ ਵਾਲੇ ਬੱਚੇ ਦੀ ਤੰਦਰੁਸਤੀ ਬਣੀ ਰਹੇ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਿੱਧੂ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਮਹਿੰਗੀਆਂ ਚੀਜ਼ਾਂ ਖਾਣ ਨਾਲ ਹੀ ਸਰੀਰ ਵਿੱਚ ਪੌਸ਼ਟਿਕ ਤੱਤ ਆਉਂਦੇ ਹਨ, ਕੁਦਰਤੀ ਸਬਜ਼ੀਆਂ ਜਾਂ ਫਲਾਂ ਨਾਲ ਵੀ ਤੰਦਰੁਸਤੀ ਅਤੇ ਪੋਸ਼ਣ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚਲਾਏ ਜਾ ਰਹੇ ਇਸ ਪੋਸ਼ਣ ਪਖਵਾੜੇ ਦੌਰਾਨ ਪੂਰੇ ਜ਼ਿਲ੍ਹੇ ਅੰਦਰ ਗਰਭਵਤੀ ਔਰਤਾਂ ਅਤੇ ਹੋਰ ਮਹਿਲਾਵਾਂ ਨੂੰ ਸੰਤੁਲਿਤ ਖੁਰਾਕ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਨੂੰ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਟੀਕੇ ਅਤੇ ਉਨ੍ਹਾਂ ਦਾ ਮੁਫ਼ਤ ਚੈਕਅੱਪ ਕੀਤਾ ਜਾਂਦਾ ਹੈ, ਉਥੇ ਹੀ ਬੱਚਾ ਪੈਦਾ ਹੋਣ ‘ਤੇ ਮਾਲੀ ਸਹਾਇਤਾ ਵੀ ਕੀਤੀ ਜਾਂਦੀ ਹੈ। ਸਮਾਰੋਹ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਿੱਧੂ ਵੱਲੋਂ ਗਰਭਵਤੀ ਔਰਤਾਂ ਨੂੰ ਸੰਤੁਲਿਤ ਖੁਰਾਕ ਦੀ ਕਿੱਟ, ਜਿਸ ਵਿੱਚ ਸਬਜ਼ੀਆਂ ਅਤੇ ਫਲ ਸ਼ਾਮਿਲ ਹਨ, ਦੀ ਕਿੱਟ ਸੌਂਪੀ।
ਸਵੱਛ ਭਾਰਤ ਪ੍ਰੇਰਕ ਸ਼੍ਰੀ ਆਦਿਤਯ ਮਦਾਨ ਨੇ ਦੱਸਿਆ ਕਿ ਇਸ 15 ਰੋਜ਼ਾ ਪੋਸ਼ਣ ਪਖਵਾੜੇ ਤਹਿਤ ਜਿੱਥੇ ਸਿਹਤ ਸੰਭਾਲ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ, ਉਥੇ ਹੀ ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦਾ ਭਾਰ ਚੈਕ ਕਰ ਕੇ ਉਨ੍ਹਾਂ ਨੂੰ ਲੋੜੀਂਦੀ ਦਵਾਈ ਵੀ ਮੁਹੱਈਆ ਕਰਵਾਈ ਜਾਵੇਗੀ। ਸਮਾਰੋਹ ਦੌਰਾਨ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਵੱਲੋਂ ਸੰਤੁਲਿਕ ਖੁਰਾਕ ਲੈਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਬੇਟੀ ਬਚਾਓ ਬੇਟੀ ਪੜਾਓ ਸਬੰਧੀ ਨੁੱਕੜ ਨਾਟਕ ਵੀ ਕਲਾਕਾਰਾਂ ਵੱਲੋਂ ਪੇਸ਼ ਕੀਤਾ ਗਿਆ, ਜਿਸ ਦੀ ਮੌਜੂਦਾ ਨੇ ਕਾਫੀ ਸਰਾਹਨਾ ਕੀਤੀ।
ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮ ਵੱਲੋਂ ਮਾਤਾ ਸੁੰਦਰੀ ਗਰਲਜ਼ ਕਾਲਜ ਵਿਖੇ ਖੂਨ ਦੀ ਘਾਟ ਦਾ ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਕਰੀਬ 200 ਵਿਦਿਆਰਥਣਾਂ ਨੇ ਆਪਣਾ ਚੈਕਅੱਪ ਕਰਵਾਇਆ। ਚੈਕਿੰਗ ਦੌਰਾਨ ਜਿਨ੍ਹਾਂ ਵਿੱਚ ਖੂਨ ਦੀ ਘਾਟ ਪਾਈ ਗਈ ਉਨ੍ਹਾਂ ਨੂੰ ਲੋੜੀਂਦੀ ਦਵਾਈ ਮੁਹੱਈਆ ਕਰਵਾਈ ਗਈ। ਅੱਜ ਦੇ ਅੰਨ-ਪ੍ਰਸ਼ੰਨ ਦਿਹਾੜੇ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ਸਮੇਤ ਖੀਵਾ ਖੁਰਦ, ਵਾਰਡ ਨੰਬਰ 12 ਭੀਖੀ, ਵਾਰਡ ਨੰਬਰ 8 ਭੀਖੀ ਵਿਖੇ 6 ਮਹੀਨਿਆਂ ਦੇ ਬੱਚਿਆਂ ਦੀਆਂ ਮਾਵਾਂ ਨੂੰ ਸੰਤੁਲਿਤ ਖੁਰਾਕ ਦੀ ਮਹੱਤਤਾ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ।
ਇਸ ਮੌਕੇ ਸੀ.ਡੀ.ਪੀ.ਓ. ਮਾਨਸਾ ਕੰਵਰ ਸ਼ਕਤੀ ਸਿੰਘ ਬਾਂਗੜ, ਸਰਪੰਚ ਪਿੰਡ ਮਾਖੇਵਾਲਾ ਸ਼੍ਰੀ ਬਲਵੀਰ ਸਿੰਘ ਅਤੇ ਸੁਪਰਵਾਈਜ਼ਰ ਸ਼੍ਰੀਮਤੀ ਹਰਬੰਸ ਕੌਰ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ਼ ਅਤੇ ਪਿੰਡ ਦੀਆਂ ਗਰਭਵਤੀ ਔਰਤਾਂ ਅਤੇ ਛੋਟੇ ਬੱਚੇ ਮੌਜੂਦ ਸਨ।
EDITED BY : SARA YAHA | | Last Updated : 7:21 pm 8 ਮਾਰਚ 2019























