
ਅਕਰਮ ਬਹੁਤ ਹੀ ਲਾਇਕ ਤੇ ਪੜ੍ਹਾਈ ਵਿਚ ਹੁਸਿ਼ਆਰ ਮੁੰਡਾ ਸੀ। ਪੜ੍ਹਦੇ ਸਮੇਂ ਉਸ ਦਾ ਪ੍ਰੇਮ ਸ਼ਾਲੂ ਨਾਂ ਦੀ ਇਕ ਕੁੜੀ ਨਾਲ ਹੋ ਗਿਆ।ਲੰਮਾ ਸਮਾ ਉਨ੍ਹਾਂ ਦਾ ਰਿਸ਼ਤਾ ਚੱਲਦਾ ਰਿਹਾ। ਉਹ ਇਕ ਦੂਜੇ ਨੂੰ ਮਿਲਦੇ ਰਹੇ। ਹੌਲੀ ਹੌਲੀ ਇਸ ਗੱਲ ਦੀ ਭਿਣਕ ਸ਼ਾਲੂ ਦੇ ਘਰਦਿਆਂ ਨੂੰ ਪੈ ਗਈ। ਸ਼ਾਲੂ ਨੇ ਅਕਰਮ ਨਾਲ ਵਿਆਹ ਕਰਵਾਉਣ ਦੀ ਇੱਛਾ ਆਪਣੇ ਘਰਦਿਆਂ ਨੂੰ ਦੱਸੀ। ਉਸ ਦੇ ਘਰ ਦੇ ਇਸ ਰਿਸ਼ਤੇ ਲਈ ਨਾ ਮੰਨੇ।
ਓਧਰ ਅਕਰਮ ਆਪਣੀ ਪੜ੍ਹਾਈ ਪੂਰੀ ਕਰਕੇ ਵਿਦੇਸ਼ ਚਲਾ ਗਿਆ ਪਰ ਸ਼ਾਲੂ ਦਾ ਦਿਲ ਨਾ ਲੱਗਾ ਤੇ ਉਸ ਨੇ ਅਕਰਮ ਨੂੰ ਵਾਪਸ ਇੰਡੀਆ ਆਉਣ ਲਈ ਤਰਲੇ ਕੀਤੇ। ਮੋਹੱਬਤ ਦੀ ਖਿੱਚ ਅਕਰਮ ਨੂੰ ਵਾਪਸ ਇੰਡੀਆ ਲੈ ਆਈ, ਪਰ ਉਸ ਸ਼ਾਲੂ ਨੂੰ ਮਿਲ ਨਹੀਂ ਸਕਦਾ ਸੀ। ਜਦੋਂ ਸ਼ਾਲੂ ਨੇ ਟਿਊਸ਼ਨ ਕਲਾਸ ਜਾਣਾ ਸ਼ੁਰੂ ਕੀਤਾ ਤਾਂ ਅਕਰਮ ਉਸ ਨੂੰ ਮਿਲਣ ਲੱਗਾ। ਉਹ ਹਰ ਰੋਜ਼ ਉਸ ਨੂੰ ਟਿਊਸ਼ਨ ਸੈਂਟਰ ਤੱਕ ਛੱਡ ਕੇ ਆਉਂਦਾ। ਇਸ ਗੱਲ ਦੀ ਭਿਣਕ ਟਿਊਸ਼ਨ ਸੈਂਟਰ ਵਾਲਿਆਂ ਨੂੰ ਵੀ ਪੈ ਗਈ ਤੇ ਉਨ੍ਹਾਂ ਨੇ ਸ਼ਾਲੂ ਦੇ ਘਰ ਸਿ਼ਕਾਇਤ ਕਰ ਦਿੱਤੀ।

ਇਕ ਦਿਨ ਇਸੇ ਤਰਾਂ ਅਕਰਮ ਸ਼ਾਲੂ ਨਾਲ ਜਾ ਰਿਹਾ ਸੀ ਕਿ ਸ਼ਾਲੂ ਦੇ ਭਰਾ ਅਤੇ ਮਾਂ ਨੇ ਉਨ੍ਹਾਂ ਨੂੰ ਘੇਰ ਲਿਆ।ਸ਼ਾਲੂ ਦੀ ਮਾਂ ਨੇ ਅਕਰਮ ਨੂੰ ਥੱਪੜ ਮਾਰਨਾ ਚਾਹਿਆ ਪਰ ਅਕਰਮ ਨੇ ਉਸ ਦਾ ਹੱਥ ਫੜ੍ਹ ਕੇ ਉਸ ਨੂੰ ਰੋਕ ਲਿਆ ਤੇ ਕਿਹਾ ਕਿ ਆਪ ਇਸ਼ਕ ਕਰੀਏ ਤਾਂ ਕਿਸੇ ਹੋਰ ਨੂੰ ਨੀ ਰੋਕੀਦਾ, ਮੈਨੂੰ ਵੀ ਪਤਾ ਤੁਹਾਡਾ ਨਜਾਇਜ ਰਿਸ਼ਤਾ ਕਿਸ ਨਾਲ ਹੈ। ਇਹ ਸੁਣ ਕੇ ਸ਼ਾਲੂ ਹੈਰਾਨ ਹੋ ਗਈ ਤੇ ਸ਼ਾਲੂ ਦੇ ਭਰਾ ਨੇ ਗੁੱਸੇ ਵਿਚ ਅਕਰਮ ਦੇ ਥੱਪੜ ਮਾਰਿਆ। ਇਸ ਉਪਰੰਤ ਅਕਰਮ ਨੇ ਸ਼ਾਲੂ ਦੇ ਭਰਾ ਨੂੰ ਕੁੱਟਿਆ ਤੇ ਗੱਲ ਵਧਦੀ ਵੇਖ ਕੇ ਸਾਰੇ ਆਪਣੋ ਆਪਣੇ ਰਾਹ ਹੋ ਗਏ।
ਇਸ ਤੋਂ ਬਾਅਦ ਗੱਲ ਠੰਡੀ ਪੈਣ ਵਾਲੀ ਕਿੱਥੇ ਸੀ। ਸ਼ਾਲੂ ਦੇ ਘਰਦਿਆਂ ਨੇ ਅਕਰਮ ਤੇ 376 ਦਾ ਪਰਚਾ ਦਰਜ ਕਰਵਾ ਦਿੱਤਾ ਤੇ ਅਕਰਮ ਨੂੰ ਜੇਲ੍ਹ ਹੋ ਗਈ। ਜੇਲ੍ਹ ਵਿਚੋਂ ਇਕ ਦਿਨ ਅਕਰਮ ਨੇ ਸ਼ਾਲੂ ਨੂੰ ਫੋਨ ਕੀਤਾ ਤੇ ਕਿਹਾ
“ਤੁਹਾਨੂੰ ਕੀ ਮਿਲਿਆ ਮੇਰੀ ਪੂਰੀ ਜਿ਼ੰਦਗੀ ਤਬਾਹ ਕਰਕੇ??”
ਅੱਗੋਂ ਸ਼ਾਲੂ ਨੇ ਜਵਾਬ ਦਿੱਤਾ “ਬਸ ਮੇਰੇ ਘਰ ਦੀਆਂ ਮਜਬੂਰੀਆਂ ਸਮਝ ਲੈ”
ਭੁਪਿੰਦਰ ਤੱਗੜ

ਮਾਨਸਾ























