

ਮਾਨਸਾ05 ਜਨਵਰੀ (ਸਾਰਾ ਯਹਾ) : ਅੱਜ ਮਾਨਸਾ ਵਪਾਰ ਮੰਡਲ ਅਤੇ ਕਰਿਆਣਾ ਐਸੋਸੀਏਸ਼ਨ ਵੱਲੋਂ ਮਿਤੀ 8 ਜਨਵਰੀ ਨੂੰ
ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਭਾਰਤ ਵੱਲੋਂ ਜੋ ਭਾਰਤ ਬੰਦ ਦਾ ਸੱਦਾ ਦਿੱਤਾ ਹੈ ਉਸ ਦਾ ਸਮਰਥਨ
ਕਰਨ ਦਾ ਫੈਸਲਾ ਕੀਤਾ ਅਤੇ ਇਸ ਬੰਦ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਇੱਕ ਮੀਟਿੰਗ ਹੋਈ
ਜਿਸ ਵਿੱਚ ਰਾਜਵਿੰਦਰ ਸਿੰਘ ਰਾਣਾ ਪ੍ਰਧਾਨ ਏਟਕੂ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਕਾਮਰੇਡ ਰੁਲਦੂ
ਸਿੰਘ ਨੇ ਦੱਸਿਆ ਕਿ 8 ਤਾਰੀਖ ਦਾ ਭਾਰਤ ਬੰਦ ਦਾ ਸੱਦਾ 250 ਤੋਂ ਵੱਧ ਜਥੇਬੰਦੀਆਂ ਵੱਲੋਂ ਦੇਸ਼ ਭਰ ਵਿੱਚ ਦਿੱਤਾ
ਗਿਆ ਹੈ ਜਿਸ ਵਿੱਚ ਦੇਸ਼ ਦੀਆਂ 9 ਟਰੇਡ ਯੂਨੀਅਨਾਂ 100 ਤੋਂ ਵੱਧ ਸਟੂਡੈਂਟ ਯੂਨੀਅਨਾਂ ਸ਼ਾਮਿਲ ਹਨ। ਇਸ ਬੰਦ ਦਾ
ਮਕਸਦ ਦੇਸ਼ ਵਿੱਚ ਛਾਇਆ ਆਰਥਿਕ ਮੰਦਵਾੜੇ ਨੂੰ ਦੂਰ ਕਰਨਾ, ਸਵਾਮੀ ਨਾਥਨ ਦੀ ਰਿਪੋਰਟ ਨੂੰ ਲਾਗੂ
ਕਰਵਾਉਣਾ, ਨੌਜਵਾਨਾਂ ਨੂੰ ਰੁਜਗਾਰ ਦਿਵਾਉਣਾ, ਕਿਸਾਨਾਂ ਦੇ ਪਰਾਲੀ ਦੇ ਹੋਏ ਪਰਚੇ ਖਾਰਜ ਕਰਵਾਉਣਾ, ਅਵਾਰਾਂ
ਪਸੂਆਂ ਦਾ ਹੱਲ ਕਰਵਾਉਣਾ ਆਦਿ ਹਨ। ਇਸ ਸਮੇਂ ਵਪਾਰ ਮੰਡਲ ਮਾਨਸਾ ਦੇ ਸੈਕਟਰੀ ਮਨਜੀਤ ਸਿੰਘ ਸਦਿਓੜਾ,
ਸੁਰੇਸ਼ ਨੰਦਗੜ੍ਹੀਆ ਪ੍ਰਧਾਨ ਕਰਿਆਣਾ ਐਸੋਸੀਏਸ਼ਨ, ਸੁਰਿੰਦਰ ਕੁਮਾਰ ਸੀਨੀਅਰ ਪ੍ਰਧਾਨ ਕਰਿਆਣਾ ਐਸੋਸੀਏਸ਼ਨ
ਮਾਨਸਾ ਨੇ ਕਿਹਾ ਕਿ ਉਹ 8 ਤਾਰੀਖ ਦੇ ਭਾਰਤ ਬੰਦ ਦੇ ਸੱਦੇ ਵਿੱਚ ਸ਼ਾਮਿਲ ਹੋਣਗੇ ਕਿਉਂਕਿ ਜੋ ਇਹ ਸੰਘਰਸ਼ੀਲ
ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ ਜੋ ਹਮੇਸ਼ਾ ਲੋਕ ਹਿਤਾਂ ਲਈ ਸੰਘਰਸ਼ ਕਰਦੀਆਂ ਹਨ ਅਤੇ ਆਮ
ਵਪਾਰੀ ਵਰਗ ਦਾ ਵੀ ਇਹਨਾਂ ਜਥੇਬੰਦੀਆਂ ਦਾ ਸਾਥ ਦੇਣ ਦਾ ਫਰਜ ਬਣਦਾ ਹੈ ਇਸ ਲਈ ਉਹਨਾਂ ਵੱਲੋਂ ਸ਼ਹਿਰ ਨੂੰ
ਬੰਦ ਕਰਕੇ ਇਸ ਬੰਦ ਵਿੱਚ ਸ਼ਾਮਿਲ ਹੋਣ ਦਾ ਭਰੋਸਾ ਦਿੱਤਾ। ਇਸ ਸਮੇਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਸਮਾਜ
ਸੇਵੀ ਅਤੇ ਧੰਨਾ ਮੱਲ ਗੋਇਲ ਨੇ ਸ਼ਹਿਰ ਦੀਆਂ ਵਪਾਰਕ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਇਸ ਬੰਦ ਨੂੰ
ਸਮਰਥਨ ਦਾ ਭਰੋਸਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਬਹੁਤ ਵੱਡਾ ਆਰਥਿਕ ਮੰਦਵਾੜਾ ਆਇਆ
ਹੋਇਆ ਹੈ ਜਿਸ ਕਾਰਨ ਭਾਰਤ ਦਾ ਆਰਥਿਕ ਵਿਕਾਸ ਰੁਕ ਗਿਆ ਹੈ ਅਤੇ ਦੇਸ਼ ਦੇ ਸਾਰੇ ਸੰਘਰਸ਼ਸ਼ੀਲ ਜਥੇਬੰਦੀਆਂ
ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਰਥਿਕ ਮੰਦਵਾੜੇ ਨੂੰ ਦੂਰ ਕਰਨ ਸਬੰਧੀ, ਦੇਸ਼ ਵਿੱਚ ਰੁਜਗਾਰ ਪੈਦਾ ਕਰਨ
ਸਬੰਧੀ, ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਨ ਸਬੰਧੀ ਅਤੇ ਅਵਾਰਾ ਪਸ਼ੂਆਂ ਦੇ ਹੱਲ ਸਬੰਧੀ ਇੱਕ ਪਲੇਟਫਾਰਮ ਤੇ
ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਸਖਤ ਲੋੜ ਹੈ। ਇਸੇ ਲਈ ਹੀ ਉਹ 8 ਤਾਰੀਖ ਦੇ ਭਾਰਤ ਬੰਦ ਦੇ ਸੱਦੇ ਨੂੰ ਸਪੋਰਟ
ਕਰ ਰਹੇ ਹਨ।























