*76ਵੇਂ ਵਣ ਮਹਾਂਉਤਸਵ ਮੌਕੇ ਡੀ.ਸੀ. ਤੇ ਐਸ.ਐਸ.ਪੀ. ਨੇ ਪੌਦੇ ਲਗਾ ਕੇ ਵਾਤਾਵਰਣ ਬਚਾਉਣ ਦਾ ਦਿੱਤਾ ਸੁਨੇਹਾ*

0
19

ਮਾਨਸਾ, 20 ਅਗਸਤ  (ਸਾਰਾ ਯਹਾਂ/ਮੁੱਖ ਸੰਪਾਦਕ) : ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ 76ਵਾਂ ਜ਼ਿਲ੍ਹਾ ਪੱਧਰੀ ਵਣ ਮਹਾਂ ਉਤਸਵ ਗੁਰੂ ਨਾਨਕ ਗਊਸ਼ਾਲਾ, ਮਾਨਸਾ ਵਿਖੇ ਮਨਾਇਆ ਗਿਆ ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਪੌਦਾ ਲਗਾ ਕੇ ਹਰਿਆਵਲ ਅਤੇ ਸ਼ੁੱਧ ਵਾਤਾਵਰਣ ਲਈ ਯੋਗ ਉਪਰਾਲੇ ਕਰਨ ਦਾ ਸੁਨੇਹਾ ਦਿੰਦਿਆਂ ਕੀਤੀ।
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ‘ਸ੍ਰੀ ਗੁਰੂ ਤੇਗ ਬਹਾਦਰ ਹਰਿਆਵਲ ਸੰਕਲਪ’ ਮੁਹਿੰਮ ਚਲਾਈ ਗਈ ਹੈ ਜਿਸ ਅਧੀਨ ਜਿਲ਼੍ਹਾ ਮਾਨਸਾ ਵਿਚ 3.50 ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਵੀ ਚਲਾਈ ਗਈ ਹੈ ਜਿਸ ਅਨੁਸਾਰ ਹਰੇਕ ਬੱਚੇ ਨੂੰ ਆਪਣੇ ਜਨਮ ਦਿਵਸ ਮੌਕੇ ਇਕ ਪੌਦਾ ਆਪਣੀ ਮਾਂ ਦੇ ਨਾਮ ‘ਤੇ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੁਦਰਤ ਨਾਲ ਜੁੜਨਾ ਆਪਣੇ ਆਪ ਨਾਲ ਜੁੜਨਾ ਹੈ। ਸਾਡੀ ਰੋਜ਼ਮਰਾ ਦੀ ਭੱਜਦੌੜ ਭਰੀ ਜ਼ਿੰਦਗੀ ਵਿਚੋਂ ਜਦੋਂ ਅਸੀਂ ਕੁੱਝ ਪਲ ਕੁਦਰਤ ਲਈ ਕੱਢਦੇ ਹਾਂ ਤਾਂ ਆਪਣੇ ਆਪ ਨੂੰ ਅੱਜ ਵਿਚ ਜਿਉਣ ਦਾ ਅਹਿਸਾਸ ਹੁੰਦਾ ਹੈ, ਨਈ ਤਾਂ ਮਨੁੱਖ ਆਪਣੇ ਰੁਝੇਵਿਆਂ ਵਿਚ ਉਲਝਿਆ ਹੁੰਦਾ ਕਿਤੇ ਹੋਰ ਹੈ ਪਰ ਉਸ ਦਾ ਦਿਮਾਗ ਕਿਤੇ ਹੋਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਕੁਦਰਤ ਨਾਲ ਗੁਜ਼ਾਰਨ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਰੁੱਖ ਸਾਨੂੰ ਮੁਫ਼ਤ ਵਿਚ ਆਕਸੀਜ਼ਨ ਦਿੰਦੇ ਹਨ ਜਿਸ ਦੀ ਮਨੁੱਖੀ ਜੀਵਨ ਲਈ ਬਹੁਤ ਮਹੱਤਤਾ ਹੈ, ਸੋ ਆਓ ਸਾਰੇ ਰੁੱਖ ਲਗਾਉਣ ਦੀ ਪਿਰਤ ਪਾਈਏ। ਰੁੱਖ ਲਗਾਉਣ ਦਾ ਬਹਾਨਾ ਲੱਭੀਏ, ਹਰ ਖੁਸ਼ੀ, ਗ਼ਮੀ ਜਾਂ ਕਿਸੇ ਵੀ ਹੋਰ ਸਮਾਗਮ ਮੌਕੇ ਰੁੱਖ ਲਗਾਉਣ ਦੀ ਪਿਰਤ ਪਾਈਏ ਤਾਂ ਜੋ ਵਾਤਾਵਰਣ ਅਤੇ ਕੁਦਰਤ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੀਤੀ ਜਾ ਸਕੇ।
ਜ਼ਿਲ੍ਹਾ ਜੰਗਲਾਤ ਅਫ਼ਸਰ ਪਵਨ ਸ੍ਰੀਧਰ ਨੇ ਕਿਹਾ ਕਿ ਵਣ ਵਿਭਾਗ ਵੱਲੋ ਕਿਸਾਨਾਂ ਨੂੰ ਸਬਸਿਡੀ ਤਹਿਤ ਆਪਣੇ ਖੇਤਾਂ ਵਿੱਚ ਹਰ ਤਰ੍ਹਾਂ ਦੇ ਰੁੱਖ ਲਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਣ ਮਹਾਂਉਤਸਵ ਤਹਿਤ ਆਮ ਲੋਕਾਂ, ਸਕੂਲਾਂ, ਕਾਲਜਾਂ ਅਤੇ ਐਨ.ਜੀ.ਓਜ਼ ਨੂੰ ਰੁੱਖ ਲਗਾ ਕੇ ਕੁਦਰਤੀ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਸਵੱਛ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਣ ਮਹਾਂਉਤਸਵ ਦੀ ਸ਼ੁਰੂਆਤ ਸਾਲ 1950 ਵਿੱਚ ਕੇ.ਐਮ.ਮੁਨਸ਼ੀ ਨੇ ਰਾਜਘਾਟ, ਦਿੱਲੀ ਵਿੱਚ ਰੁੱਖ ਲਗਾ ਕੇ ਕੀਤੀ ਸੀ।


ਉਨ੍ਹਾਂ ਕਿਹਾ ਕਿ ਜੀ.ਪੀ.ਐਮ. ਸਕੀਮ ਅਧੀਨ ਮਿੰਨੀ ਜੰਗਲ ਦੇ ਰੂਪ ਵਿੱਚ 22 ਨਾਨਕ ਬਗੀਚੀਆਂ ਅਤੇ 2 ਪਵਿੱਤਰ ਵਣ ਲਗਾਏ ਜਾ ਰਹੇ ਹਨ, ਜਿਸ ਨਾਲ ਅਲੋਪ ਹੋਏ ਪੰਛੀਆਂ ਦੇ ਰਹਿਣ ਬਸੇਰੇ ਬਣ ਸਕਣ। ਪਿਛਲੇ ਸਾਲ ਵੀ ਇਸ ਮੰਡਲ ਵੱਲੋ 21 ਨਾਨਕ ਬਗੀਚੀਆਂ ਅਤੇ 2 ਪਵਿੱਤਰ ਵਣ ਲਗਾਏ ਗਏ ਸਨ, ਜਿੰਨ੍ਹਾਂ ਵਿੱਚ ਰਵਾਇਤੀ ਬੂਟੇ ਜਿਵੇ ਕਿ ਟਾਹਲੀ, ਕਿੱਕਰ, ਜੰਡ. ਰਹੇੜੂ ਕਰੀਰ, ਬੇਰੀ ਅਤੇ ਹੋਰ ਦਰੱਖਤ ਜਿਵੇਂ ਕਿ ਅੰਬ, ਜਾਮਣ, ਤੂਤ, ਖੈਰ, ਕਦਮ, ਕਚਨਾਰ, ਗੁਲਮੋਹਰ, ਇਮਲੀ ਆਦਿ ਦੇ ਪੌਦੇ ਲਗਾਏ ਗਏ ਹਨ।
ਸਮਾਗਮ ਦੇ ਅਖੀਰ ਵਿਚ ਵਿਭਾਗ ਵੱਲੋਂ ਪੌਦੇ ਲਗਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਨਾਗਰਿਕਾਂ, ਕਲੱਬਾਂ, ਐਨ.ਜੀ.ਓਜ਼ ਅਤੇ ਪਿੰਡਾਂ ਦੀਆਂ ਪੰਚਾਇਤਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਵਣ ਰੇਂਜ ਅਫ਼ਸਰ ਮਾਨਸਾ ਸੁਖਦੇਵ ਸਿੰਘ, ਵਣ ਰੇਂਜ ਅਫ਼ਸਰ ਬੁਢਲਾਡਾ ਹਰਦਿਆਲ ਸਿੰਘ, ਚੇਅਰਮੈਨ ਗੁਰੂ ਨਾਨਕ  ਗਊਸ਼ਾਲਾ ਸੁਰਿੰਦਰ ਪੱਪੀ ਦਾਨੇਵਾਲੀਆ, ਸਰਪਰਸਤ ਕਮਲ ਭੂਸ਼ਨ ਦਾਨੇਵਾਲੀਆ, ਸੀਨੀਅਰ ਮੈਂਬਰ ਸਤੀਸ਼ ਗੋਇਲ, ਸੈਕਟਰੀ ਪ੍ਰੇਮ ਜੋਗਾ, ਖਜ਼ਾਨਚੀ ਕ੍ਰਿਸ਼ਨ ਲਾਲ, ਪ੍ਰਧਾਨ ਪ੍ਰਿਤਪਾਲ ਸ਼ਰਮਾ, ਸੀ.ਈ.ਓ. ਥਰਮਲ ਪਲਾਂਟ ਬਣਾਂਵਾਲੀ ਪੰਕਜ ਸ਼ਰਮਾ, ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਡਾ. ਜਨਕ ਰਾਜ, ਕਨਵੀਨਰ ਵਾਤਾਵਰਣ ਸੁਸਾਇਟੀ ਅਸ਼ੋਕ ਸਪੋਲੀਆ, ਜੀਵਨ ਸਿੰਘ ਵਾਤਾਵਰਣ ਪ੍ਰੇਮੀ ਖੋਖਰ ਕਲਾਂ ਅਤੇ ਬਲਵੀਰ ਸਿੰਘ ਅਗਰੋਈਆ ਬਲਵੀਰ ਸਿੰਘ ਅਗਰੋਈਆ ਹਾਜ਼ਰ ਸਨ।

LEAVE A REPLY

Please enter your comment!
Please enter your name here