

ਜਲੰਧਰ : ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ‘ਚ ਭੂਚਾਲ ਆ ਗਿਆ ਹੈ। ਭਾਵੇਂ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਇਹ ਆਖ ਰਹੇ ਹਨ ਕਿ ਸਿਹਤ ਕਾਰਨਾਂ ਕਰਕੇ ਉਨ੍ਹਾਂ ਦੇ ਪਿਤਾ ਵਲੋਂ ਇਹ ਅਸਤੀਫਾ ਦਿੱਤਾ ਗਿਆ ਹੈ ਪਰ ਚਰਚਾ ਇਹ ਵੀ ਹੈ ਕਿ ਢੀਂਡਸਾ ਵਲੋਂ ਇਹ ਅਸਤੀਫਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਪਣੀ ਨੂੰਹ ਨੂੰ ਐੱਮ. ਪੀ. ਦੀ ਟਿੱਕਟ ਨਾ ਦਿੱਤੇ ਜਾਣ ਦੇ ਪਾਰਟੀ ਦੇ ਫੈਸਲੇ ਦੇ ਰੋਸ ਵਜੋਂ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਸੁਖਦੇਵ ਸਿੰਘ ਢੀਂਡਸਾ ਆਪਣੀ ਨੂੰਹ ਤੇ ਪਰਮਿੰਦਰ ਸਿੰਘ ਢੀਂਡਸਾ ਦੀ ਪਤਨੀ ਗਗਨ ਢੀਂਡਸਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਸੰਗਰੂਰ ਤੋਂ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੇ ਸਨ ਪਰ ਸੁਖਬੀਰ ਬਾਦਲ ਵਲੋਂ ਇਸ ‘ਤੇ ਇਨਕਾਰ ਕੀਤਾ ਜਾ ਰਿਹਾ ਸੀ।

ਸੁਨਣ ‘ਚ ਇਹ ਵੀ ਆਇਆ ਹੈ ਕਿ ਸੁਖਬੀਰ ਬਾਦਲ ਇਹ ਚਾਹੁੰਦੇ ਸਨ ਕਿ ਜਾਂ ਤਾਂ ਮੌਜੂਦਾ ਸਮੇਂ ‘ਚ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲੀ ਦਲ ਦੇ ਐੱਮ. ਪੀ. ਪ੍ਰੇਮ ਸਿੰਘ ਚੰਦੂਮਾਜਰਾ ਨੂੰ ਇਥੇ ਸ਼ਿਫਟ ਕੀਤਾ ਜਾਵੇ ਜਾਂ ਫਿਰ ਕਿਸੇ ਮਸ਼ਹੂਰ ਪੰਜਾਬੀ ਫਿਲਮੀ ਸਿਤਾਰੇ ਨੂੰ ਸੰਗਰੂਰ ਤੋਂ ਚੋਣ ਮੈਦਾਨ ‘ਚ ਉਤਾਰਿਆ ਜਾਵੇ। ਇਸੇ ਗਹਿਮਾ-ਗਹਿਮੀ ਦੇ ਚੱਲਦਿਆਂ ਢੀਂਡਸਾ ਵਲੋਂ ਅੰਦਰਖਾਤੇ ਸੁਖਬੀਰ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ।

ਸਿਆਸੀ ਮਾਹਿਰਾਂ ਮੁਤਾਬਾਕ ਇਸੇ ਦੇ ਚੱਲਦਿਆਂ ਬਾਦਲਾਂ ‘ਤੇ ਦਬਾਅ ਬਨਾਉਣ ਲਈ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਹੈ। ਢੀਂਡਸਾ ਦੇ ਅਸਤੀਫੇ ਤੋਂ ਬਾਅਦ ਅਕਾਲੀ ਦਲ ‘ਤੇ ਦਬਾਅ ਬਣ ਗਿਆ ਹੈ, ਜਿਸ ਦੇ ਚੱਲਦੇ ਜਾਂ ਅਕਾਲੀ ਦਲ ਢੀਂਡਸਾ ਪਰਿਵਾਰ ਦੀ ਨੂੰਹ ਗਗਨ ਢੀਂਡਸਾ ਨੂੰ ਟਿਕਟ ਦੇਵੇਗਾ ਫਿਰ ਪਰਮਿੰਦਰ ਢੀਂਡਸਾ ਨੂੰ ਹੀ ਸੰਗਰੂਰ ਤੋਂ ਲੋਕ ਸਭਾ ਸੀਟ ‘ਤੇ ਉਤਾਰੇਗਾ।
EDITED BY : SARA YAHA | | Last Updated : 7:30 pm 30 September 2018























