

ਮਾਨਸਾ, 19 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ) : ਦੇਸ਼ ਵਿਆਪੀ ਮੁਹਿੰਮ ”ਪ੍ਰਸ਼ਾਸਨ ਗਾਓਂ ਕੀ ਔਰ” ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 19 ਤੋਂ 15 ਦਸੰਬਰ ਤੱਕ ਸੁਸ਼ਾਸਨ ਹਫ਼ਤਾ (ਗੁੱਡ ਗਵਰਨੈਂਸ ਵੀਕ) ਮਨਾਇਆ ਜਾ ਰਿਹਾ ਹੈ ਜਿਸ ਤਹਿਤ ਵੱਖ ਵੱਖ ਵਿਭਾਗਾਂ ਵੱਲੋਂ ਸ਼ਿਕਾਇਤ ਨਿਵਾਰਣ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਲਾਭ ਦਿੱਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਦੱਸਿਆ ਕਿ ਇਸ ਸਬੰਧੀ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਸੁਸ਼ਾਸਨ ਹਫ਼ਤੇ ਤਹਿਤ ਆਪਸੀ ਤਾਲਮੇਲ ਨਾਲ ਵੱਧ ਤੋਂ ਵੱਧ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਵੱਧ ਤੋਂ ਵੱਧ ਲੋਕ ਇੰਨ੍ਹਾਂ ਕੈਂਪਾਂ ਦਾ ਲਾਹਾ ਲੈ ਸਕਣ।
ਸੁਸ਼ਾਸਨ ਹਫ਼ਤੇ ਤਹਿਤ ਪਹਿਲਾ ਸ਼ਿਕਾਇਤ ਨਿਵਾਰਣ ਕੈਂਪ ਪਿੰਡ ਮੂਸਾ ਵਿਖੇ ਤਹਿਸੀਲਦਾਰ ਮਾਨਸਾ ਰਾਜੀਵ ਕੁਮਾਰ ਖੋਸਲਾ ਦੀ ਅਗਵਾਈ ਵਿਚ ਪਿੰਡ ਮੂਸਾ ਵਿਖੇ ਨਾਲ ਲੱਗਦੇ ਪਿੰਡਾਂ ਔਤਾਂਵਾਲੀ, ਮਾਨਬੀਬੜੀਆਂ, ਅਸਪਾਲ, ਅਸਪਾਲ ਕੋਠੇ, ਸੱਦਾ ਸਿੰਘ ਵਾਲਾ, ਗਾਗੋਵਾਲ, ਗੇਹਲੇ, ਖੋਖਰ ਖੁਰਦ, ਰਮਦਿੱਤੇਵਾਲਾ, ਮੌਜੀਆ, ਘਰਾਂਗਣਾ ਤੇ ਦੂਲੋਵਾਲ ਦੇ ਵਸਨੀਕਾਂ ਲਈ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਗਿਆ।
ਇਸ ਮੌਕੇ ਵੱਖ ਵੱਖ ਵਿਭਾਗਾਂ ਵੱਲੋਂ ਬੈਂਚ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਮੌਕੇ ‘ਤੇ ਹੀ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਲੋਕਾਂ ਨੂੰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਅਤੇ ਇੰਨ੍ਹਾਂ ਸਕੀਮਾਂ ਦਾ ਲਾਭ ਲੈਣ ਸਬੰਧੀ ਯੋਗ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਅਗਲਾ ਕੈਂਪ ਬੀ.ਡੀ.ਪੀ.ਓ. ਦਫ਼ਤਰ ਭੀਖੀ ਵਿਖੇ 22 ਦਸੰਬਰ ਨੂੰ ਲੱਗੇਗਾ। ਇਸੇ ਤਰ੍ਹਾਂ 23 ਦਸੰਬਰ ਨੂੰ ਸੀ.ਪਾਈਟ ਕੇਂਦਰ ਬੋੜਾਵਾਲ, ਅਤੇ 24 ਦਸੰਬਰ ਨੂੰ ਬੀ.ਡੀ.ਪੀ.ਓ. ਦਫ਼ਤਰ ਸਰਦੂਲੇਵਾਲਾ ਵਿਖੇ ਸ਼ਿਕਾਇਤ ਨਿਵਾਰਣ ਕੈਂਪ ਲਗਾਇਆ ਜਾਵੇਗਾ ਜਿੱਥੇ ਸਬੰਧਤ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਲਾਹਾ ਲੈ ਸਕਣਗੇ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਲਗਾਏ ਜਾ ਰਹੇ ਇੰਨ੍ਹਾਂ ਸ਼ਿਕਾਇਤ ਨਿਵਾਰਣ ਕੈਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ।
ਪਿੰਡ ਮੂਸਾ ਵਿਖੇ ਆਯੋਜਿਤ ਸ਼ਿਕਾਇਤ ਨਿਵਾਰਣ ਕੈਂਪ ਵਿਚ ਨਾਇਬ ਤਹਿਸੀਲਦਾਰ ਸੁਖਮਨਿੰਦਰ ਸਿੰਘ ਤੁਲੀ, ਬੀ.ਡੀ.ਪੀ.ਓ. ਝੁਨੀਰ ਪਰਮਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ























