

ਮਾਨਸਾ, 06 ਅਗਸਤ (ਸਾਰਾ ਯਹਾ,(ਬਲਜੀਤ ਸ਼ਰਮਾ) : 2021 ਦੀ ਹੋਣ ਵਾਲੀ ਜਨਗਣਨਾ (ਮਰਦਮਸ਼ੁਮਾਰੀ) ਸਬੰਧੀ 12 ਅਗਸਤ ਤੋਂ 30 ਸਤੰਬਰ ਤੱਕ ਰੱਖੇ ਗਏ ਪ੍ਰੀ-ਟੈਸਟ ਸਬੰਧੀ 6 ਤੋਂ 9 ਅਗਸਤ ਤੱਕ ਗਿਣਤੀ ਕਰਨ ਵਾਲਿਆਂ ਅਤੇ ਸੁਪਰਵਾਈਜ਼ਰਾਂ ਨੂੰ ਟ੍ਰੇਨਿੰਗ ਸਥਾਨਕ ਬੱਚਤ ਵਿਖੇ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਟ੍ਰੇਨਿੰਗ ਲੈਣ ਆਏ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਕਿ ਉਹ ਇਸ ਟ੍ਰੇਨਿੰਗ ਨੂੰ ਬਹੁਤ ਹੀ ਧਿਆਨ ਪੂਰਵਕ ਕਰਨ ਅਤੇ ਜੇਕਰ ਕਿਤੇ ਵੀ ਕੋਈ ਸ਼ੰਕਾ ਸਾਹਮਣੇ ਆਉਂਣੀ ਹੈ, ਤਾਂ ਤੁਰੰਤ ਟ੍ਰੇਨਰਾਂ ਤੋਂ ਉਸ ਬਾਬਤ ਪੁੱਛ ਲੈਣ, ਤਾਂ ਜੋ ਪ੍ਰੀ-ਟੈਸਟ ਮੌਕੇ ਕੋਈ ਪ੍ਰੇਸ਼ਾਨੀ ਸਾਹਮਣੇ ਨਾ ਆ ਸਕੇ ਅਤੇ ਸਹੀ ਤੇ ਦਰੁੱਸਤ ਆਂਕੜੇ ਸਰਕਾਰ ਸਾਹਮਣੇ ਪੇਸ਼ ਕੀਤੇ ਜਾ ਸਕਣ।ਟ੍ਰੇਨਿੰਗ ਦੌਰਾਨ ਜੁਆਇੰਟ ਡਾਇਰੈਕਟਰ ਸੈਂਸਜ਼ ਆਪ੍ਰੇਸ਼ਨ ਸ਼੍ਰੀ ਮ੍ਰਿਤੁਯੰਜਯ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਪ੍ਰੀ-ਟੈਸਟ ਦਾ ਮੰਤਵ ਅਸਲ ਜਨਗਣਨਾ ਸਬੰਧੀ ਆਉਣ ਵਾਲੀਆਂ ਦਿੱਕਤਾਂ ਨੂੰ ਮੁੱਢ ਤੋਂ ਹੀ ਸਹੀ ਕਰਨਾ ਹੈ, ਤਾਂ ਜੋ ਜਨਗਣਨਾ ਸਬੰਧੀ ਸਹੀ ਆਂਕੜੇ ਸਰਕਾਰ ਤੱਕ ਪੰਹੁਚਾਏ ਜਾ ਸਕਣ। ਇਸ ਲਈ ਹਰੇਕ ਗਿਣਤੀ ਕਰਨ ਵਾਲਾ ਅਤੇ ਸੁਪਰਵਾਈਜ਼ਰ ਆਪਣੀ ਡਿਊਟੀ ਨੂੰ ਪੂਰੀ ਲਗਨ ਅਤੇ ਧਿਆਨ ਨਾਲ ਸਮਝ ਕੇ ਫੀਲਡ ਵਿੱਚ ਜਾਣ। ਉਨ੍ਹਾਂ ਕਿਹਾ ਕਿ ਜੇਕਰ ਟ੍ਰੇਨਿੰਗ ਦੌਰਾਨ ਕੋਈ ਗੱਲ ਸਮਝ ਨਹੀਂ ਆਉਂਦੀ ਜਾਂ ਕੋਈ ਸੁਝਾਅ ਹੈ, ਤਾਂ ਉਹ ਵੀ ਦੱਸਿਆ ਜਾ ਸਕਦਾ ਹੈ।ਮਾਸਟਰ ਟ੍ਰੇਨਰ ਸ਼੍ਰੀ ਮਹੇਸ਼ ਗੌਤਮ ਨੇ ਦੱਸਿਆ ਕਿ ਇਸ ਵਾਰ ਪਹਿਲੀ ਵਾਰ ਜਨਗਣਨਾ ਲਈ ਮੋਬਾਇਲ ਐਪ ਦੀ ਵਰਤੋਂ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਐਪ ਬਹੁਤ ਹੀ ਸੌਖੀ ਅਤੇ ਅਸਾਨ ਢੰਗ ਨਾਲ ਤਿਆਰ ਕੀਤੀ ਗਈ ਹੈ, ਜਿਸ ਵਿੱਚ ਗਿਣਤੀ ਕਰਨ ਵਾਲੇ ਨੂੰ ਡਾਟਾ ਇੱਕਠਾ ਕਰਨ ਵਿੱਚ ਬਹੁਤ ਹੀ ਘੱਟ ਸਮਾਂ ਲੱਗੇਗਾ ਕਿਉਂਕਿ ਇਸ ਐਪ ਵਿੱਚ ਪ੍ਰਸ਼ਨਾਂ ਦੇ ਨਾਲ ਉੱਤਰਾਂ ਦੀਆਂ ਆਪਸ਼ਨ ਵੀ ਨਾਲ ਹੀ ਆਉਂਦੀਆਂ ਹਨ। ਮਾਸਟਰ ਟ੍ਰੇਨਰ ਵੱਲੋਂ ਦੱਸਿਆ ਕਿ ਹਰੇਕ ਘਰ ਵਿੱਚੋਂ ਆਂਕੜੇ ਬਹੁਤ ਹੀ ਧਿਆਨ ਪੂਰਵਕ ਇੱਕਠੇ ਕਰਨੇ ਹਨ ਅਤੇ ਜੋ ਕੁਝ ਵੀ ਜਾਣਕਾਰੀ ਪਰਿਵਾਰ ਵਾਲਿਆਂ ਵੱਲੋਂ ਦੱਸੀ ਜਾਂਦੀ ਹੈ, ਉਸ ਨੂੰ ਮੋਬਾਇਲ ਐਪ ਜ਼ਰੀਏ ਇੱਕਤਰ ਕਰ ਲੈਣਾ ਹੈ।ਮਾਸਟਰ ਟ੍ਰੇਨਰ ਸ਼੍ਰੀ ਗੌਤਮ ਨੇ ਟ੍ਰੇਨਿੰਗ ਲੈਣ ਆਏ ਵਿਅਕਤੀਆਂ ਨੂੰ ਦੱਸਿਆ ਕਿ ਜਨਗਣਨਾ ਲਈ ਜੋ ਪ੍ਰਸ਼ਨਾਵਲੀ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ, ਉਸ ਅਨੁਸਾਰ ਹੀ ਜਨਗਣਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪ੍ਰਸ਼ਨਾਵਲੀ ਅਨੁਸਾਰ ਜੋ ਵੀ ਸੂਚਨਾ ਪਰਿਵਾਰ ਵੱਲੋਂ ਦਿੱਤੀ ਜਾਂਦੀ ਹੈ, ਉਸ ਨੂੰ ਹੀ ਮੋਬਾਇਲ ਐਪ ਵਿੱਚ ਭਰਿਆ ਜਾਵੇ ਅਤੇ ਆਪਣੇ ਖੁਦ ਵੱਲੋਂ ਕੋਈ ਵੀ ਸੂਚਨਾ ਨਾ ਭਰੀ ਜਾਵੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਗਈ ਹੈ, ਤਾਂ ਉਸ ਦਾ ਨਾਮ ਲਿਸਟ ਵਿੱਚੋਂ ਕੱਟਣਾ ਹੈ ਅਤੇ ਜੇਕਰ ਕੋਈ ਨਵਾਂ ਮੈਂਬਰ ਪਰਿਵਾਰ ਵਿੱਚ ਆਇਆ ਹੈ, ਤਾਂ ਉਸ ਦਾ ਨਾਮ ਲਿਸਟ ਵਿੱਚ ਜੋੜਨਾ ਹੈ।ਇਸ ਮੌਕੇ ਐਸ.ਆਈ.ਗਰੇਡ 2 ਸ਼੍ਰੀ ਅੰਕੁਸ਼ ਸ਼ਰਮਾ ਤੇ ਸ਼੍ਰੀ ਵਰਿੰਦਰ ਕੁਮਾਰ ਅਤੇ ਸੀਨੀਅਰ ਜੀਓਗ੍ਰਾਫ਼ਰ ਡਾ. ਵਿਮਿਤ ਤੋਂ ਇਲਾਵਾ ਟ੍ਰੇਨਿੰਗ ਲੈਣ ਆਏ ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ।























