

ਮਾਨਸਾ 6 ਸਤੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਇਥੋਂ ਥੋੜੀ ਦੂਰ ਪਿੰਡ ਫਫੜੇ ਭਾਈ ਕੇ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਜ਼ਿਲਾ ਮਾਨਸਾ ਦੀ ਇੱਕ ਵਿਸ਼ੇਸ਼ ਮੀਟਿੰਗ, ਕਿਸਾਨ ਆਗੂ ਬੋਘ ਸਿੰਘ ਮਾਨਸਾ ਅਤੇ ਭਜਨ ਸਿੰਘ ਘੁੰਮਣ ਦੀ ਪ੍ਰਧਾਨਗੀ ਹੇਠ ਹੋਈ। ਜਿਸ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕਾਮਰੇਡ ਗੁਰਨਾਮ ਸਿੰਘ ਭੀਖੀ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਹੜਾਂ ਨੇ ਤਬਾਹੀ ਮਚਾਈ ਹੋਈ ਹੈ, ਭਾਵੇਂ ਇਹ ਹੜ ਕੁਦਰਤੀ ਕਰੋਪੀ ਦੇ ਨਾਲ-ਨਾਲ ਮਨੁੱਖਾਂ ਵੱਲੋਂ ਵੀ ਲਿਆਂਦੇ ਗਏ ਹਨ । ਜਿਸ ਵਿੱਚ ਜਿੱਥੇ ਕੇਂਦਰ ਸਰਕਾਰ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਨਾਲ-ਨਾਲ ਪਿਛਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ। ਜਿਸ ਦੀ ਸੰਯੁਕਤ ਕਿਸਾਨ ਮੋਰਚੇ ਨੇ ਪਹਿਲਾਂ ਤੋਂ ਹੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ। ਭਾਵੇਂ ਪੰਜਾਬ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸਮਾਜ ਸੇਵੀਆਂ ਵੱਲੋਂ ਕੀਤੀ ਜਾ ਰਹੀ ਸੇਵਾ ਬਹੁਤ ਹੀ ਸਲਾਹੁਣ ਯੋਗ ਹੈ। ਭਾਵੇਂ ਪ੍ਰਸ਼ਾਸਨ ਵੀ ਆਪਣੀ ਪੱਧਰ ‘ਤੇ ਲੱਗਿਆ ਹੋਇਆ ਹੈ ਪਰ ਜਿਵੇਂ ਸਰਕਾਰਾਂ ਨੂੰ ਪਹਿਲਾਂ ਪ੍ਰਬੰਧ ਕਰਨੇ ਚਾਹੀਦੇ ਹਨ, ਉਹ ਪ੍ਰਬੰਧ ਕਰਨ ਵਿੱਚ ਸਮੇਂ ਦੀ ਸਰਕਾਰ ਨਾ ਕਾਮਯਾਬ ਰਹੀ ਹੈ। ਮਾਨਸਾ ਜ਼ਿਲ੍ਹੇ ਦੇ ਸੰਯੁਕਤ ਕਿਸਾਨ ਮੋਰਚੇ ਦਾ ਫੈਸਲਾ ਹੈ ਕਿ ਇਸ ਵਕਤ ਹੜ ਪੀੜਤਾਂ ਕੋਲ ਵੱਡੀ ਪੱਧਰ ਤੇ ਫੌਰੀ ਰਸ਼ਦ ਅਤੇ ਬਾਕੀ ਸਮਾਨ ਪਹੁੰਚ ਰਿਹਾ ਹੈ। ਅਸਲ ਵਿੱਚ ਪਾਣੀ ਉਤਰਨ ਤੋਂ ਬਾਅਦ ਜਦੋਂ ਕਿਸਾਨਾਂ ਨੂੰ ਜਮੀਨਾਂ ਸਾਫ ਕਰਨ ਦੇ ਲਈ ਡੀਜ਼ਲ ਦੀ ਲੋੜ ਹੋਵੇਗੀ, ਡੀਏਪੀ ਖਾਦ ਅਤੇ ਕਣਕ ਦੇ ਬੀਜ ਦੀ ਲੋੜ ਹੋਵੇਗੀ, ਉਸ ਸਮੇਂ ਮਾਨਸਾ ਜ਼ਿਲ੍ਹੇ ਵੱਲੋਂ ਡੀਜ਼ਲ ਦੇ ਲਈ ਪੈਸੇ ਅਤੇ ਬੀਜ ਦੇ ਲਈ ਕਣਕ ਦੇ ਨਾਲ ਡੀਏਪੀ ਖਾਦ ਇਕੱਠੀ ਕਰਕੇ ਪੀੜਤ ਕਿਸਾਨਾਂ ਤੱਕ ਪਹੁੰਚਾਈ ਜਾਵੇਗੀ।
ਉਹਨਾਂ ਦੱਸਿਆ ਕਿ ਪਿਛਲੇ ਦਿਨੀ ਕਿਸਾਨ ਆਗੂ ਕਾਮਰੇਡ ਕੁਲਵੰਤ ਸਿੰਘ ਕਿਸ਼ਨਗੜ੍ਹ ਦੇ ਉੱਪਰ ਕੁਝ ਨਸ਼ਾ ਤਸਕਰਾਂ ਦੇ ਗੁੰਡਾ ਗੈਂਗ ਵੱਲੋਂ ਕੀਤਾ ਹਮਲਾ ਨਿੰਦਣਯੋਗ ਹੈ ਕਿਉਂਕਿ ਕਿਸਾਨ ਆਗੂ ਤਾਂ ਪਿੰਡਾਂ ਦੇ ਲੋਕ ਜੋ ਆਪਸ ਵਿੱਚ ਡਰੇਨ ਦੇ ਪਾਣੀ ਨੂੰ ਲੈ ਕੇ ਲੜ ਰਹੇ ਸਨ, ਉਨਾਂ ਦਾ ਸਮਝੌਤਾ ਕਰਾਉਣ ਵਿੱਚ ਅਤੇ ਲੜਾਈ ਟਾਲਣ ਵਿੱਚ ਮਸ਼ਰੂਫ ਸੀ । ਪਰ ਗੁੰਡਾ ਅਨਸਰ ਜੋ ਪਿੰਡਾਂ ਦੇ ਭਲੇ ਮਾਣਸ ਬੰਦਿਆਂ ਉੱਤੇ ਆਪਣਾ ਰੋਹਬ ਵਰਕਰਾਰ ਰੱਖਣਾ ਚਾਹੁੰਦੇ ਸਨ, ਉਨਾਂ ਨੇ ਗਿਣੀ ਮਿਥੀ ਸਾਜਿਸ਼ ਦੇ ਤਹਿਤ ਕਿਸਾਨ ਆਗੂ ਕੁਲਵੰਤ ਸਿੰਘ ਦੇ ਘਰ ਉੱਤੇ ਹਮਲਾ ਕੀਤਾ। ਭਾਵੇਂ ਪੁਲਿਸ ਨੇ ਧਾਰਾ 452 ਦੇ ਤਹਿਤ ਪਰਚਾ ਦਰਜ ਕਰ ਲਿਆ ਹੈ ਪਰ ਉਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਸ ਘਟਨਾ ਨੂੰ ਇੱਕ ਹਫਤਾ ਹੋ ਚੁੱਕਿਆ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਮਾਨਸਾ ਜ਼ਿਲ੍ਹੇ ਦੇ ਅੰਦਰ ਪੁਲਿਸ, ਸਿਆਸੀ ਅਤੇ ਗੁੰਡਾ ਗੱਠਜੋੜ ਕਾਇਮ ਹੈ। ਮੋਰਚੇ ਦੇ ਆਗੂਆਂ ਨੇ ਜਿੱਥੇ ਪੁਲਿਸ ਪ੍ਰਸ਼ਾਸਨ ਦੀ ਸਖ਼ਤ ਨਿੰਦਿਆ ਕੀਤੀ ਹੈ ਉਸਦੇ ਨਾਲ ਨਾਲ ਉਪਰੋਕਤ ਗੁੰਡਾ ਅਨਸਰਾਂ ਨੂੰ ਤਾੜਨਾ ਵੀ ਕੀਤੀ ਹੈ ਕਿ ਤੁਸੀਂ ਇਹ ਨਾ ਸਮਝਿਓ ਕਿ ਕੁਲਵੰਤ ਸਿੰਘ ਕਿਸ਼ਨਗੜ ਇਕੱਲਾ ਹੈ। ਉਸ ਦੇ ਨਾਲ ਜਿੱਥੇ ਪੂਰੇ ਭਾਰਤ ਦਾ ਸੰਯੁਕਤ ਕਿਸਾਨ ਮੋਰਚਾ ਖੜਾ ਹੈ ਉਸ ਦੇ ਨਾਲ ਹੀ ਦੁਨੀਆ ਭਰ ਦੇ ਇਨਸਾਫ ਪਸੰਦ ਲੋਕ ਕੁਲਵੰਤ ਸਿੰਘ ਦੀ ਪਿੱਠ ਤੇ ਹਨ।
ਉਨਾਂ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ 17 ਸਤੰਬਰ ਨੂੰ ਐਸਐਸ ਪੀ ਦਫਤਰ ਦੇ ਗੇਟ ਮੂਹਰੇ ਧਰਨਾ ਦਿੱਤਾ ਜਾਵੇਗਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਕਰਨਾ ਪਵੇਗਾ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਅਮਰੀਕ ਸਿੰਘ ਫਫੜੇ ਭਾਈ ਕੇ, ਮੇਜਰ ਸਿੰਘ ਦੂਲੋਵਾਲ, ਦੇਵੀ ਰਾਮ ਰੰਗੜਿਆਲ, ਲਛਮਣ ਸਿੰਘ ਚੱਕ ਅਲੀ ਸ਼ੇਰ, ਕੁਲਦੀਪ ਸਿੰਘ ਚੱਕ ਭਾਈ ਕੇ, ਜਗਤਾਰ ਸਿੰਘ ਖਿਆਲਾ, ਬਲਮ ਸਿੰਘ ਫਫੜੇ ਭਾਈ ਕੇ, ਤਾਰਾ ਚੰਦ ਬਰੇਟਾ, ਲਖਵੀਰ ਸਿੰਘ ਅਕਲੀਆ, ਮੱਖਣ ਸਿੰਘ ਭੈਣੀ ਬਾਘਾ ਆਦਿ ਹਾਜ਼ਰ ਸਨ























