

ਚਾਂਦਪੁਰਾ, ਮਾਨਸਾ, 01 ਜੂਨ : ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਮਾਨਸਾ ਸ਼ਹਿਰ ਵਿਚ ਪਹਿਲੀ ਵਾਰ 25 ਏਕੜ ਵਿਚ ਫੈਲੇ ਛੱਪੜ ਦੀ ਸਫ਼ਾਈ ਤੋਂ ਬਾਅਦ ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਸ੍ਰੀ ਬਲਵਿੰਦਰ ਸਿੰਘ ਧਾਲੀਵਾਲ ਨੇ ਜ਼ਿਲ੍ਹੇ ਦੇ ਪਿੰਡਾਂ ਵਾਸਤੇ ਹੜ੍ਹਾਂ ਸਬੰਧੀ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਹਰੇਕ ਡਰੇਨ, ਕਨਾਲ ਅਤੇ ਬੰਨ੍ਹ ਦਾ ਬਹੁਤ ਹੀ ਬਾਰੀਕੀ ਨਾਲ ਮੁਆਇਨਾ ਕੀਤਾ।
ਮੁਆਇਨੇ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਨੇ ਡਰੇਨੇਜ਼ ਮਹਿਕਮੇ ਦੇ ਸਾਰੇ ਸਬੰਧਤ ਅਧਿਕਾਰੀਆਂ ਤੋਂ ਇਲਾਵਾ ਐਸ.ਡੀ.ਐਮ, ਜੀ.ਏ, ਅਤੇ ਡੀ.ਡੀ.ਪੀ.ਓ. ਨੂੰ ਨਾਲ ਲੈ ਕੇ ਤੜਕਸਾਰ ਹੀ ਕੀਤੀ।
ਰੂਟ ਪਲਾਨ ਦੇ ਮੁਤਾਬਿਕ ਉਨ੍ਹਾਂ ਸਭ ਤੋਂ ਪਹਿਲਾਂ ਬੋੜਾਵਾਲ ਡਰੇਨ ਦਾ ਮੁਆਇਨਾ ਕੀਤਾ। ਜਿਸ ਉਪਰੰਤ ਉਹ ਹਸਨਪੁਰ ਡਰੇਨ (ਗੁਰਨੇ ਖੁਰਦ) ਪਹੁੰਚੇ। ਇਸ ਪਿੰਡ ਵਿਚ ਡਰੇਨ ਤੋਂ ਇਲਾਵਾ ਬਾਰਸ਼ਾਂ ਸਬੰਧੀ ਉਨ੍ਹਾਂ ਉੱਥੇ ਪਹੁੰਚੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਐਕਸੀਅਨ ਡਰੇਨੇਜ਼ ਸ੍ਰੀ ਸ਼ਸ਼ੀ ਭੂਸ਼ਨ ਨੂੰ ਸ੍ਰੀ ਧਾਲੀਵਾਲ ਨੇ ਹਦਾਇਤ ਕੀਤੀ ਕਿ ਇਸ ਡਰੇਨ ਦਾ ਐਸਟੀਮੇਟ ਲਗਵਾ ਕੇ ਜਲਦ ਤੋਂ ਜਲਦ ਸਫ਼ਾਈ ਦੇ ਉਪਰਾਲੇ ਕੀਤੇ ਜਾਣ। ਇਸ ਮੌਕੇ ਪਿੰਡ ਹਸਨਪੁਰ ਦੇ ਵਾਸੀ ਹਰਬੰਸ ਸਿੰਘ ਨੇ ਦੱਸਿਆ ਕਿ ਇਸ ਪਿੰਡ ਵਿਚ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਪਾਰਟੀਬਾਜ਼ੀ ਦੇ ਚਲਦਿਆਂ ਗੰਦੇ ਪਾਣੀ ਦੀ ਨਿਕਾਸੀ ਮੁੱਖ ਸੜਕ ਤੇ ਹੋਣ ਕਾਰਨ ਲੋਕਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਤੁਰੰਤ ਸਬੰਧਤ ਡੀ.ਡੀ.ਓ ਨੂੰ ਬੁਲਾ ਕੇ 15 ਦਿਨਾਂ ਦੇ ਵਿਚ ਵਿਚ ਇਸ ਸਮੱਸਿਆ ਦਾ ਹੱਲ ਕਰਕੇ ਰਿਪੋਰਟ ਡੀ.ਸੀ. ਦਫ਼ਤਰ ਸੌਂਪਣ ਦੇ ਆਦੇਸ਼ ਦਿੱਤੇ।
ਇਸ ਉਪਰੰਤ ਬਰੇਟਾ ਡਰੇਨ ਦਾ ਦੌਰਾ ਕਰਦਿਆਂ ਸ੍ਰੀ ਧਾਲੀਵਾਲ ਨੇ ਬਰਸਾਤੀ ਮੌਸਮ ਦੌਰਾਨ ਇਸ ਡਰੇਨ ਵਿਚ ਪਾਣੀ ਵਧ ਕੇ ਆਸਪਾਸ ਦੇ ਇਲਾਕੇਆਂ ਨੂੰ ਨੁਕਸਾਨ ਕਰਨ ਦੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਡਰੇਨੇਜ਼ ਵਿਭਾਗ ਨੂੰ ਹਰ ਸੰਭਵ ਉਪਰਾਲਾ ਕਰਨ ਦੇ ਹੁਕਮ ਜਾਰੀ ਕੀਤੇ। ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਸ੍ਰੀ ਧਾਲੀਵਾਲ ਨੂੰ ਦੱਸਿਆ ਕਿ ਉਂਝ ਤਾਂ ਇਸ ਡਰੇਨ ਵਿਚ ਬਾਰਿਸ਼ ਦੌਰਾਨ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਬਹੁਤ ਘੱਟ ਹੈ, ਪਰ ਜਲਕੁੰਭੀ (ਕੇਲੀ) ਦੇ ਸੁੱਕੇ ਹੋਣ ਕਾਰਨ ਇਸ ਦੀ ਸਫ਼ਾਈ ਸੁਖਾਲੀ ਹੋ ਸਕਦੀ ਹੈ ਅਤੇ ਇਸ ਨੂੰ ਸਾਫ਼ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
ਪੰਜਾਬ ਹਰਿਆਣਾ ਬਾਰਡਰ ਤੇ ਸਥਿਤ ਚਾਂਦਪੁਰਾ ਬੰਨ੍ਹ ਵਿਖੇ ਸ੍ਰੀ ਧਾਲੀਵਾਲ ਨੇ ਕੁਲਰੀਆਂ ਪਿੰਡ ਦੇ ਸਰਪੰਚ ਸ੍ਰੀ ਕੁਲਵੰਤ ਸਿੰਘ ਅਤੇ ਪਿੰਡ ਜਗਲਾਣ ਦੇ ਸਰਪੰਚ ਸ੍ਰੀ ਜਗਸੀਰ ਸਿੰਘ ਨਾਲ ਪਾਣੀ ਦੀ ਮਿਕਦਾਰ ਅਤੇ ਇਸ ਦੇ ਵਧਣ ਦੀਆਂ ਸੰਭਾਵਨਾਵਾਂ ਬਾਰੇ ਗੱਲਬਾਤ ਸਾਂਝੀ ਕੀਤੀ। ਸ੍ਰੀ ਧਾਲੀਵਾਲ ਨੂੰ ਕੁਲਰੀਆਂ ਪਿੰਡ ਦੇ ਸਰਪੰਚ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਸਾਲ 1993, 1995 ਅਤੇ 2010 ਵਿਚ ਇਹ ਇਲਾਕਾ ਹੜ੍ਹ ਦੀ ਮਾਰ ਹੇਠ ਆਇਆ ਸੀ।
ਪਿੰਡ ਵਾਸੀਆਂ ਦੀਆਂ ਪਾਣੀ ਸਬੰਧੀ ਹੋਰ ਮੁਸ਼ਕਲਾਂ ਸੁਣਦੇ ਹੋਏ ਸ੍ਰੀ ਧਾਲੀਵਾਲ ਨੇ ਤੁਰੰਤ ਇਸ ਉਪਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ। ਇਨ੍ਹਾਂ ਮੁਸ਼ਕਲਾਂ ਵਿਚ ਪਿੰਡ ਵਾਸੀਆਂ ਨੇ ਮੁੱਖ ਤੋਰ ਤੇ ਚਾਂਦਪੁਰ ਬੰਨ੍ਹ ਤੱਕ ਜਾਂਦੀ ਕੱਚੀ ਸੜਕ ਨੂੰ ਦਰੁਸਤ ਕਰਨਾ, ਪਿੰਡ ਜਗਲਾਣ ਵਿਚ 400 ਤੋਂ 500 ਏਕੜ ਖੇਤੀ ਇਲਾਕੇ ਵਿਚੋਂ ਪਾਈਪ ਰਾਹੀਂ ਪਾਣੀ ਕੱਢਣਾ ਅਤੇ ਕੁਲਰੀਆਂ ਪਿੰਡ ਵਿਖੇ 700 ਤੋਂ 800 ਏਕੜ ਖੇਤਾਂ ਦਾ ਇਲਾਕਾ ਨੀਵਾਂ ਹੋਣ ਕਾਰਨ ਰੀਚਾਰਜ ਬੋਰ ਲਗਾਏ ਜਾਣ ਦੀ ਮੰਗ ਰੱਖੀ।
ਸਰਦੂਲਗੜ ਵਿਖੇ ਘੱਗਰ ਦਰਿਆ ਦਾ ਦੌਰਾ ਕਰਨ ੳਪਰੰਤ ਡਿਪਟੀ ਕਮਿਸ਼ਨਰ ਸ਼੍ਰੀ ਬਲਵਿੰਦਰ ਧਾਲੀਵਾਲ ਨੇ ਸਰਦੂਲਗੜ੍ਹ ਸਬ ਡਵਿਜ਼ਨਲ ਸਰਕਾਰੀ ਹਸਪਤਾਲ ਦਾ ਵੀ ਦੌਰਾ ਕੀਤਾ ਜਿੱਥੇ ਉਹਨਾਂ ਮੌਜੂਦ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਕੀਤੀ ਅਤੇ ਆਉਣ ਵਾਲੀਆਂ ਔਕੜਾਂ ਬਾਰੇ ਚਰਚਾ ਕੀਤੀ । ਸ਼੍ਰੀ ਧਾਲੀਵਾਲ ਨੇ ਡਾਕਟਰਾਂ ਨੂੰ ਭਰੋਸਾ ਦਿਵਾਇਆ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਉਹਨਾ੍ਹਂ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਗੁਰਸਿਮਰਨ ਸਿੰਘ ਢਿੱਲੋਂ, ਐਸ.ਡੀ.ਐਮ ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ, ਸਹਾਇਕ ਕਮਿਸ਼ਨਰ ਜਰਨਲ ਸ੍ਰੀ ਓਮ ਪ੍ਰਕਾਸ਼, ਡੀ.ਡੀ.ਪੀ.ਓ. ਸ੍ਰੀ ਜਗਤਾਰ ਸਿੰਘ, ਐਕਸੀਅਨ ਡਰੇਨਜ਼ ਸ੍ਰੀ ਸ਼ਸ਼ੀ ਭੂਸ਼ਨ, ਜਗਤਾਰ ਸਿੰਘ ਫੱਗੂ ਸਕੱਤਰ ਮਾਰਕਿਟ ਕਮੇਟੀ ਸਰਦੂਲਗੜ੍ਹ ਅਤੇ ਹੋਰ ਸਰਕਾਰੀ ਅਧਿਕਾਰੀ ਅਤੇ ਅਫਸਰ ਮੌਜੂਦ ਸਨ।
EDITED BY : SARA YAHA | | Last Updated :1 ਜੂਨ 2018






















