

ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਕੇ 1000 ਕਿਲੋਮੀਟਰ ਸਾਇਕਲਿੰਗ 75 ਘੰਟਿਆਂ ਤੋਂ ਘੱਟ ਸਮੇਂ ਵਿੱਚ ਪੂਰੀ ਕਰਨ ਤੇ ਮਾਨਸਾ ਜਿਲ੍ਹੇ ਦੇ ਤਿੰਨ ਸਾਇਕਲਿਸਟਾ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਸੰਜੀਵ ਪਿੰਕਾ ਨੇ ਦੱਸਿਆ ਕਿ ਪਿਛਲੇ ਦਿਨੀਂ ਬਠਿੰਡਾ ਤੋਂ ਸ਼ੁਰੂ ਹੋਈ ਇਸ 1000 ਕਿਲੋਮੀਟਰ ਸਾਇਕਲ ਰਾਈਡ ਵਿੱਚ 8 ਸਾਇਕਲਿਸਟਾ ਨੇ ਹਿੱਸਾ ਲਿਆ ਜਿਸ ਵਿੱਚ 2 ਮਾਨਸਾ ਦੇ ਸ਼ਵੀ ਚਹਿਲ ਅਤੇ ਜਸਵਿੰਦਰ ਬਿੱਲਾ ਅਤੇ ਬੁਢਲਾਡਾ ਦੇ ਗੁਰਿੰਦਰ ਸਰਾਂ ਨੇ ਇਸ ਰਾਈਡ ਨੂੰ ਮਿੱਥੇ ਸਮੇਂ ਤੋਂ ਘੱਟ ਸਮੇਂ ਵਿੱਚ ਪੂਰੀ ਕਰਕੇ ਮਾਨਸਾ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਮਾਨਸਾ ਸਾਇਕਲ ਗਰੁੱਪ ਇਹਨਾਂ ਸਾਇਕਲਿਸਟਾ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਇਹਨਾਂ ਸਾਇਕਲਿਸਟਾ ਨੂੰ ਵਧਾਈ ਦਿੰਦਿਆਂ ਡਾਕਟਰ ਜਨਕ ਰਾਜ ਸਿੰਗਲਾ ਅਤੇ ਡਾਕਟਰ ਟੀ.ਪੀ.ਐਸ.ਰੇਖੀ ਜੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪੰਜ ਕੁ ਸਾਲ ਪਹਿਲਾਂ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੇ ਮਾਨਸਾ ਸਾਇਕਲ ਗਰੁੱਪ ਤੋਂ ਪ੍ਰੇਰਿਤ ਹੋਏ ਸਾਇਕਲਿਸਟ ਮਾਨਸਾ ਦਾ ਨਾਂ ਪੂਰੇ ਦੇਸ਼ ਵਿੱਚ ਰੋਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਮਾਨਸਾ ਜਿਸ ਨੂੰ ਲੋਕ ਪਿਛੜਿਆ ਜਿਲਾ ਸਮਝਦੇ ਹਨ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ ਕਿ ਇਸ ਰਾਈਡ ਵਿੱਚ ਹਿੱਸਾ ਲੈਣ ਵਾਲੇ ਪੂਰੇ ਭਾਰਤ ਦੇ 8 ਸਾਇਕਲਿਸਟਾ ਚੋਂ 3 ਮਾਨਸਾ ਜਿਲ੍ਹੇ ਦੇ ਸਨ ਅਤੇ ਇਹਨਾਂ ਤਿੰਨਾਂ ਨੇ ਸਭ ਤੋਂ ਘੱਟ ਸਮੇਂ ਵਿੱਚ ਇਸ ਰਾਈਡ ਨੂੰ ਪੂਰਾ ਕੀਤਾ ਹੈ। ਇਸ ਮੌਕੇ ਡਾਕਟਰ ਵਰੁਣ ਮਿੱਤਲ,ਬੁਢਲਾਡਾ ਸਾਇਕਲ ਗਰੁੱਪ ਦੇ ਫਾਉਂਡਰ ਮੈਂਬਰ ਮੁਰਲੀ ਮਨੋਹਰ,ਰਮਨ ਗਰਗਅਤੇ ਅਮਨ ਗੁਪਤਾ,ਰਜੇਸ਼ ਦਿਵੇਦੀ,ਨਰਿੰਦਰ ਗੁਪਤਾ,ਕ੍ਰਿਸ਼ਨ ਗਰਗ,ਬਿੰਨੂ ਗਰਗ,ਪਰਵੀਨ ਟੋਨੀ,ਸੰਜੀਵ ਮਾਸਟਰ,ਰਮਨ ਗੁਪਤਾ,ਵਿਕਾਸ ਗੁਪਤਾ,ਡਾਕਟਰ ਪਵਨ ਸਮੇਤ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰ ਹਾਜਰ ਸਨ।























