

ਮਾਨਸਾ, 06 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ): ਜ਼ਿਲ੍ਹਾ ਮਾਨਸਾ ਵਿਖੇ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸ਼੍ਰੀਮਤੀ ਮਨਦੀਪ ਪੰਨੂ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ, ਕੋਰਟ ਕੰਪਲੈਕਸ ਬੁਢਲਾਡਾ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿਖੇ ਲਗਾਈ ਜਾਣੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਸ਼੍ਰੀ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਕਰਿਮੀਨਲ ਕੰਮਪਾਊਂਡੇਬਲ, 138 ਐਨ.ਆਈ. ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ. ਕੇਸ, ਲੇਬਰ ਡਿਸਪਿਊਟ, ਬਿਜਲੀ ਅਤੇ ਪਾਣੀ ਦੇ ਬਿਲਾਂ ਸਬੰਧੀ ਕੇਸ, ਮੈਟਰੀਮੋਨੀਅਲ ਕੈਟਾਗਿਰੀ ਦੇ ਕੇਸ, ਐਲ.ਏ.ਸੀ. ਕੇਸ ਅਤੇ ਹੋਰ ਕੈਟਾਗਿਰੀ ਕੇਸਾਂ ਦੇ ਨਿਪਟਾਰੇ ਲਈ ਕੋਰਟ ਕੰਪਲੈਕਸ ਮਾਨਸਾ ਵਿੱਚ 2 ਬੈਚਾਂ, ਕੋਰਟ ਕੰਪਲੈਕਸ ਬੁਢਲਾਡਾ ਵਿੱਚ 2 ਬੈਂਚਾਂ ਅਤੇ ਕੋਰਟ ਕੰਪਲੈਕਸ ਸਰਦੂਲਗੜ੍ਹ ਵਿੱਚ 1 ਬੈਂਚ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਤੋਂ ਪਹਿਲਾਂ ਅਨੇਕਾਂ ਸੈਮੀਨਾਰ ਲਗਾਕੇ ਅਤੇ ਪਿੰਡਾਂ ਦੇ ਵਿੱਚ ਪੈਰਾ ਲੀਗਲ ਵਲੰਟੀਅਰਜ਼ ਵੱਲੋਂ ਸਾਂਝੀ ਜਗ੍ਹਾ ‘ਤੇ ਇਸ਼ਤਿਹਾਰ ਲਗਵਾ ਕੇ ਜ਼ਿਲ੍ਹੇ ਦੇ ਲੋਕਾਂ ਨੂੰ ਲੋਕ ਅਦਾਲਤ ਦੇ ਫਾਇਦਿਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਬੈਂਕ ਅਤੇ ਬੀਮਾ ਕੰਪਨੀਆਂ ਦੇ ਅਫਸਰਾਂ ਅਤੇ ਹੋਰ ਵਿਭਾਗਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ, ਜਿਸ ਵਿੱਚ ਉਨ੍ਹਾਂ ਨੂੰ ਲੋਕ ਅਦਾਲਤਾਂ ਵਿੱਚ ਕੇਸ ਲਗਵਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਦਫਤਰ ਦੇ ਫੋਨ 01652-227022 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।























