

ਮਾਨਸਾ, 27 ਫਰਵਰੀ (ਸਾਰਾ ਯਹਾ,(ਬਲਜੀਤ ਸ਼ਰਮਾ) : ਨਸ਼ੇ ਦੀ ਲਾਹਨਤ ਤੋਂ ਨੌਜਵਾਨਾਂ ਨੂੰ ਬਾਹਰ ਕੱਢਣ ਅਤੇ ਨਸ਼ੇ ਦੇ ਮੁਕੰਮਲ ਖਾਤਮੇ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ ‘ਤੇ ‘ਨਸ਼ਾ ਰੋਕੂ ਅਫਸਰਾਂ’ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਗਈ ਸੀ, ਜਿਨ੍ਹਾਂ ਨੂੰ ਡੀ.ਏ.ਪੀ.ਓ. (ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਦਾ ਅਹੁਦਾ ਦਿੱਤਾ ਗਿਆ ਹੈ, ਜਿਸ ਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਤੋਂ 23 ਮਾਰਚ 2018 ਵਾਲੇ ਦਿਨ ਕੀਤੀ ਗਈ। ਇਹ ਡੈਪੋ (ਨਸ਼ਾ ਰੋਕੂ ਅਫ਼ਸਰ) ਹਰ ਮੁਹੱਲੇ, ਪਿੰਡ, ਵਾਰਡ ਪੱਧਰ ‘ਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਗੂਰਕ ਕਰਦੇ ਹਨ ਅਤੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਦੇ ਹਨ, ਤਾਂ ਜੋ ਕੋਈ ਵੀ ਵਿਅਕਤੀ ਨਸ਼ੇ ਦੀ ਦਲਦਲ ਵਿੱਚ ਨਾ ਫਸ ਸਕੇ।
ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੇ ਦੱਸਿਆ ਕਿ ਇਸ ਮੁਹਿੰਮ ਦਾ ਮਕਸਦ ਨਾ ਕੇਵਲ ਸ਼ਨਾਖਤ ਕਰਨਾ ਹੈ ਬਲਕਿ ਨਸ਼ਾ ਖਰੀਦਣ ਅਤੇ ਵੇਚਣ ਵਾਲੇ ਨਸ਼ਾ ਤਸਕਰਾਂ ‘ਤੇ ਨਕੇਲ ਕਸਣਾ ਹੈ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਨਿਯੁਕਤ ਕੀਤੇ ਗਏ ਡੈਪੋਜ਼ ਨੇ ਜ਼ਿਲ੍ਹਾ ਮਾਨਸਾ ਵਿਖੇ 6500 ਵਿਅਕਤੀਆਂ ਨਾਲ ਰਾਬਤਾ ਕਾਇਮ ਕੀਤਾ, ਜਿਸ ਵਿੱਚ ਮਾਨਸਾ ਵਿਖੇ 1285, ਸਰਦੂਲਗੜ੍ਹ ਵਿਖੇ 3880 ਅਤੇ ਬੁਢਲਾਡਾ ਵਿਖੇ 1335 ਵਿਅਕਤੀ ਸ਼ਾਮਲ ਹਨ, ਜਿਨ੍ਹਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ। ਇਸ ਤੋਂ ਇਲਾਵਾ ਨਸ਼ਿਆਂ ਦੀ ਦਲਦਲ ਵਿੱਚ ਫਸੇ 1598 ਵਿਅਕਤੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣਾ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ, ਜਿਨ੍ਹਾਂ ਵਿੱਚੋਂ 1411 ਵਿਅਕਤੀਆਂ ਨੂੰ ਨੇੜੇ ਦੇ ਡੀ-ਐਡੀਕਸ਼ਨ ਸੈਂਟਰਾਂ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ।
ਡਿਪਟੀ ਕਮਿਸ਼ਨਰ ਮਿਸ ਰਿਆਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਿੰਡਾਂ/ਵਾਰਡ ਪੱਧਰੀ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਨਸ਼ਿਆਂ ਦੇ ਖਿਲਾਫ਼ 309 ਸੈਮੀਨਾਰ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਲਈ ਨਵੇਂ ਚੁਣੇ ਗਏ 224 ਸਰਪੰਚਾਂ ਅਤੇ 1614 ਪੰਚਾਂ ਨੂੰ ਵੀ ਸਹੁੰ ਚੁਕਾਈ ਗਈ। ઠઠ
ਡੈਪੋਜ਼ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਸ਼੍ਰੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਅੰਦਰ 12338 ਡੈਪੋਜ਼ ਦੀ ਰਜਿਸਟ੍ਰੇਸ਼ਨ ਕੀਤੀ ਜਾ ਚੁੱਕੀ ਹੈ, ਜੋ ਪਿੰਡਾਂ, ਸ਼ਹਿਰਾਂ ਅਤੇ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਤਹਿਤ ਥਾਣਾ ਸਾਂਝ ਕੇਂਦਰ ਸਿਟੀ-1 ਮਾਨਸਾ ਵਿਖੇ 856, ਥਾਣਾ ਸਾਂਝ ਕੇਂਦਰ ਸਿਟੀ-2 ਮਾਨਸਾ 863, ਥਾਣਾ ਸਾਂਝ ਕੇਂਦਰ ਸਦਰ ਮਾਨਸਾ 1753, ਥਾਣਾ ਸਾਂਝ ਕੇਂਦਰ ਜੋਗਾ 733, ਥਾਣਾ ਸਾਂਝ ਕੇਂਦਰ ਭੀਖੀ 941, ਥਾਣਾ ਸਾਂਝ ਕੇਂਦਰ ਸਿਟੀ ਬੁਢਲਾਡਾ 774, ਥਾਣਾ ਸਾਂਝ ਕੇਂਦਰ ਸਦਰ ਬੁਢਲਾਡਾ 774, ਥਾਣਾ ਸਾਂਝ ਕੇਂਦਰ ਬਰੇਟਾ 1065, ਥਾਣਾ ਸਾਂਝ ਕੇਂਦਰ ਬੋਹਾ 1331, ਥਾਣਾ ਸਾਂਝ ਕੇਂਦਰ ਸਰਦੂਲਗੜ੍ਹ 1170, ਥਾਣਾ ਸਾਂਝ ਕੇਂਦਰ ਜੌੜਕੀਆਂ 1184 ਅਤੇ ਥਾਣਾ ਸਾਂਝ ਕੇਂਦਰ ਝੁਨੀਰ ਵਿਖੇ 1060 ਡੈਪੋਜ਼ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ।
EDITED BY : SARA YAHA | | Last Updated : 8:09 pm 27 ਫ਼ਰਵਰੀ 2019























