ਜ਼ਿਲ੍ਹਾ ਮਾਨਸਾ ਨੂੰ ਮਗਨਰੇਗਾ ਸਕੀਮ ਅਧੀਨ ਫੰਡਾਂ ਦੇ ਵਿਲੱਖਣ ਤਾਲਮੇਲ ਲਈ ਸੂਬਾ ਪੱਧਰੀ ਅਵਾਰਡ ਪ੍ਰਾਪਤ

0
67

ਮਾਨਸਾ, 21 ਜਨਵਰੀ (ਸਾਰਾ ਯਹਾ,ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਨੂੰ ਮਗਨਰੇਗਾ ਸਕੀਮ ਅਧੀਨ ਸਾਲ 2018-19 ਵਿਚ ਕਾਰਪੋਰੇਟ ਅਤੇ ਸਮਾਜਿਕ ਫੰਡਾਂ ਦੇ ਵਿਲੱਖਣ ਤਾਲਮੇਲ ਤਹਿਤ ਪਿੰਡਾਂ ਵਿਚ ਲਏ ਗਏ ਕੰਮਾਂ ਲਈ ਹੋਈ ਸੂਬਾ ਪੱਧਰੀ ਵਰਕਸ਼ਾਪ ਮੌਕੇ 17 ਜਨਵਰੀ 2020 ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸਨਮਾਨਿਤ ਕੀਤਾ ਗਿਆ।
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਪੈਟਰੋਲੀਅਮ ਨਾਲ ਇਕ ਐਮ.ਓ.ਯੂ. ਸਾਈਨ ਜਨਵਰੀ 2018 ਵਿਚ ਕੀਤਾ ਗਿਆ ਸੀ ਜਿਸ ਤਹਿਤ ਸਰਕਾਰੀ ਸਕੂਲਾਂ ਵਿਚ 53 ਸੋਕ ਪਿੱਟਾਂ ਦੀ ਉਸਾਰੀ, 30 ਸਕੂਲ ਟੁਆਇਲਟ ਦੀ ਉਸਾਰੀਅਤੇ 83 ਆਂਗਣਵਾੜੀ ਟੁਆਇਲਟ ਦੀ ਉਸਾਰੀ ਕਰਵਾਈ ਜਾਣੀ ਸੀ, ਇਸ ਤੋਂ ਇਲਾਵਾ ਸਕੂਲਾਂ ਵਿਚ 17 ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਅਤੇ 20 ਪ੍ਰੋਜੈਕਟਰ ਮੁਹੱਈਆ ਕਰਵਾਏ ਜਾਣੇ ਸਨ। ਉਨ੍ਹਾਂ ਵੱਲੋਂ ਇਸ ਗੱਲ ਦੀ ਖੁਸ਼ੀ ਪ੍ਰਗਟ ਕੀਤੀ ਗਈ ਕਿ ਬਲਾਕਾਂ ਦੇ ਮਗਨਰੇਗਾ ਸਟਾਫ ਅਤੇ ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਦੀ ਮਿਹਨਤ ਸਦਕਾ ਇਹ ਕੰਮ ਸਮਾਂਬੱਧ ਤਰੀਕੇ ਨਾਲ ਕਰਵਾਏ ਗਏ ਹਨ।
    ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਕੁੱਲ 69 ਸੋਕ ਪਿੱਟ, 30 ਸਕੂਲ ਟੁਆਇਲਟ ਅਤੇ 83 ਆਂਗਣਵਾੜੀ ਟੁਆਇਲਟ ਦੀ ਉਸਾਰੀ ਕੀਤੀ ਗਈ ਜਾ ਚੁੱਕੀ ਹੈ, ਜਿਸ ਦੇ ਸਾਰਥਕ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਸ ਪ੍ਰੋਜੈਕਟ ਨੂੰ ਬਣਾਉਣ ਤੋਂ ਲੈ ਕੇ ਮੁਕੰਮਲ ਕਰਨ ਤੱਕ ਜ਼ਿਲ੍ਹਾ ਕੋਆਰਡੀਨੇਟਰ ਮਗਨਰੇਗਾ ਸ੍ਰੀ ਮਨਦੀਪ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ, ਜਿਸ ਦੀ ਮਿਹਨਤ ਸਦਕਾ ਇਹ ਅਵਾਰਡ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਮਗਨਰੇਗਾ ਸਕੀਮ ਅਤੇ ਬੀ.ਪੀ.ਸੀ.ਐਲ. ਦੀ ਕਨਵਰਜੈਂਸ ਨਾਲ ਪੇਂਡੂ ਖੇਤਰ ਵਿਚ ਪੀਣ ਵਾਲੇ ਪਾਣੀ ਦੇ ਲਈ ਐਸ.ਐਂਡ.ਐਸ. ਟੈਂਕ ਦੀ ਉਸਾਰੀ ਅਤੇ ਪੇਂਡੂ ਡਿਸਪੈਂਸਰੀਆਂ ਦੇ ਨਿਰਮਾਣ ਸਬੰਧੀ ਪ੍ਰੋਜੈਕਟ ਵੀ ਤਿਆਰ ਕਰਕੇ ਭਾਰਤ ਪੈਟਰੋਲੀਅਮ ਨੂੰ ਭੇਜੇ ਗਏ ਹਨ। ਉਨ੍ਹਾਂ ਸਮੂਹ ਸਟਾਫ ਨੂੰ ਹਦਾਇਤ ਕੀਤੀ ਕਿ ਮਗਨਰੇਗਾ ਸਕੀਮ ਅਧੀਨ ਤਨਦੇਹੀ ਅਤੇ ਪਾਰਦਰਸ਼ਤਾ ਨਾਲ ਫੰਡਾਂ ਦੀ ਵਰਤੋਂ ਕਰਦੇ ਹੋਏ ਪੇਂਡੂ ਖੇਤਰ ਦਾ ਵਿਕਾਸ ਕੀਤਾ ਜਾਵੇ।
    ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਸ੍ਰੀ ਬਿਕਰਮ ਮੋਫ਼ਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ ਅਤੇ ਇਹ ਵੀ ਬੇਨਤੀ ਕੀਤੀ ਕਿ ਪਿੰਡਾਂ ਵਿਚ ਸਮੁੱਚੇ ਵਿਕਾਸ ਲਈ ਵੱਧ ਤੋਂ ਵੱਧ ਨਿਵੇਕਲੇ ਕੰਮ ਫੰਡਾਂ ਦੀ ਕਨਵਰਜੈਂਸ ਤਹਿਤ ਲਏ ਜਾਣ ਤਾਂ ਜੋ ਪਿੰਡਾਂ ਦਾ ਅਸਲ ਵਿਕਾਸ ਕੀਤਾ ਜਾ ਸਕੇ ਅਤੇ ਵਿਅਕਤੀਗਤ ਕੰਮਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਪਿੰਡਾਂ ਵਿਚ ਵੱਸਦੇ ਗਰੀਬ ਪਰਿਵਾਰਾਂ ਨੂੰ ਮਗਨਰੇਗਾ ਸਕੀਮ ਅਧੀਨ ਵੱਧ ਤੋਂ ਵੱਧ ਲਾਭ ਪਹੁੰਚਾਇਆ ਜਾ ਸਕੇ।

LEAVE A REPLY

Please enter your comment!
Please enter your name here