ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿਚ 1900 ਦੇ ਕਰੀਬ ਕਿਸਾਨਾਂ ਨੇ ਲਿਆ ਭਾਗ

0
12

ਮਾਨਸਾ, 02 ਅਪ੍ਰੈਲ (ਸਾਰਾ ਯਹਾ,(ਬਲਜੀਤ ਸ਼ਰਮਾ) : ਸਾਉਣੀ  ਦੀਆਂ ਫਸਲਾਂ ਮੁੱਖ ਤੌਰ ਤੇ ਨਰਮੇਂ ਅਤੇ ਝੋਨੇ ਦੀ ਕਾਸ਼ਤ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਡਾ. ਸੁਤੰਤਰ ਕੁਮਾਰ ਐਰੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅੱਜ ਨਵੀਂ ਅਨਾਜ ਮੰਡੀ, ਸਿਰਸਾ ਰੋਡ ਵਿਖੇ ਲਗਾਇਆ ਗਿਆ।  ਇਸ ਕੈਂਪ ਵਿਚ ਪੂਰੇ ਜ਼ਿਲ੍ਹੇ ਦੇ ਲਗਭਗ 1900 ਕਿਸਾਨਾਂ ਨੇ ਭਾਗ ਲਿਆ।
    ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਵੱਲੋਂ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਡਾ. ਰਾਜੇਸ਼ ਵਸ਼ਿਸ਼ਟ, ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ (ਹਾਈਡ੍ਰੋਲੌਜੀ) ਵੱਲੋਂ ਕੀਤੀ ਗਈ। ਇਸ ਮੌਕੇ ਡਾ. ਵਸ਼ਿਸ਼ਟ ਨੇ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਸਾਲ ਦੇ ਮੁਕਾਬਲੇ 1 ਲੱਖ ਟਨ ਯੂਰੀਆ ਦੀ ਖਪਤ ਘੱਟ ਹੋਈ ਹੈ, ਜਿਸ ਨਾਲ ਕਿਸਾਨਾਂ ਦੇ ਲਗਭਗ 200 ਕਰੋੜ ਰੁਪਏ ਦੀ ਬਚਤ ਹੋਈ ਹੈ। ਇਸੇ ਤਰ੍ਹਾ ਸਾਉਣੀ ਸੀਜ਼ਨ ਦੌਰਾਨ ਜਿਹੜੇ ਖੇਤਾਂ ਵਿੱਚ ਹਾੜੀ ਦੌਰਾਨ ਡੀ.ਏ.ਪੀ. ਖਾਦ ਸਿਫਾਰਿਸ਼ ਮੁਤਾਬਿਕ ਡਰਿੱਲ ਕੀਤੀ ਗਈ ਹੈ ਉੱਥੇ ਝੋਨੇ ਦੀ ਫਸਲ ਵਿੱਚ ਡੀ.ਏ.ਪੀ. ਖਾਦ ਨਾ ਪਾਉਣ ਦੀ ਮੁਹਿੰਮ ਚਲਾਈ ਜਾਵੇਗੀ ਜਿਸ ਨਾਲ ਕਿਸਾਨਾਂ ਦਾ ਹੋਰ ਕਰੋੜਾਂ ਰੁਪਏ ਦਾ ਖਰਚਾ ਬਚ ਜਾਵੇਗਾ। 
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਸਾਨਾਂ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨ ਕੇ, ਖੇਤੀ ਖਰਚੇ ਘਟਾ ਕੇ ਖੇਤੀ ਕਰਨ ਦੀ ਸਲਾਹ ਦਿੱਤੀ। ਉਹਨਾ ਨੇ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਅਤੇ ਜ਼ਮੀਨ ਦੀ ਸਿਹਤ ਬਰਕਰਾਰ ਰੱਖਣ ਲਈ ਕਿਹਾ। ਇਸ ਤੋਂ ਇਲਾਵਾ ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਜ਼ਿਲ੍ਹੇ ਦਾ ਮੋਹਰੀ ਵਿਭਾਗ ਐਲਾਨਦੇ ਹੋਏ ਕਿਹਾ ਕਿ ਖੇਤੀਬਾੜੀ ਵਿਭਾਗ ਦੀ ਪੂਰੀ ਟੀਮ ਕਿਸਾਨਾਂ ਦੇ ਹਿੱਤ ਵਿੱਚ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਹੈ। 
ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਲਤੀਫ਼ ਅਹਿਮਦ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਅਪਣਾ ਕੇ ਖੇਤੀ ਸਾਹਿਤ ਤੋਂ ਅਗਵਾਈ ਲੈ ਕੇ ਆਪਣੀ ਆਮਦਨ ਵਿਚ ਰੋਜ਼ਾਨਾ ਵਾਧਾ ਕਰਨ ਦਾ ਸੁਝਾਅ ਦਿੱਤਾ। ਉਨ੍ਹਾਂ ਕਿਸਾਨਾਂ ਨੂੰ ਆਪਣੀ ਪੈਦਾਵਾਰ ਗਰੁੱਪ ਬਣਾ ਕੇ ਆਪ ਮੰਡੀਕਰਨ ਕਰਨ ਦੀ ਸਲਾਹ ਦਿੱਤੀ।  ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀ ਨਵਦੀਪ ਕੁਮਾਰ ਨੇ ਵੀ ਵਿਸ਼ੇਸ਼ ਤੌਰ ਤੇ ਖੇਤੀ ਪ੍ਰਦਰਸ਼ਨੀਆਂ ਦਾ ਦੌਰਾ ਕੀਤਾ।


ਇਸ ਕੈਂਪ ਵਿੱਚ ਡਾ. ਜਤਿੰਦਰ ਸਿੰਘ ਬਰਾੜ, ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਅਤੇ ਡਾ. ਜੀ.ਪੀ.ਐਸ. ਸੋਢੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ ਦੀ ਅਗਵਾਈ ਹੇਠ ਤਕਨੀਕੀ ਮਹਿਰਾਂ ਦੀ ਟੀਮ ਨੇ ਕਿਸਾਨਾਂ ਨੂੰ ਖੇਤੀ ਤਕਨੀਕਾਂ ਦੀ ਭਰਪੂਰ ਜਾਣਕਾਰੀ ਦਿੱਤੀ ਜਿਸ ਵਿੱਚ  ਡਾ. ਹਰਜੀਤ ਸਿੰਘ ਬਰਾੜ ਨੇ ਨਰਮੇ ਅਤੇ ਝੋਨੇ ਦੀਆਂ ਕਿਸਮਾਂ ਅਤੇ ਖਾਦ ਪ੍ਰਬੰਧ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਮੱਕੜ, ਡਾ. ਅਰੋੜਾ ਅਤੇ ਡਾ. ਸੁਭਾਸ਼ ਨੇ ਨਰਮੇ ਅਤੇ ਝੋਨੇ ਦੇ ਕੀੜਿਆਂ ਅਤੇ ਬਿਮਾਰੀਆਂ ਬਾਰੇ ਵਿਸਥਾਰਪੂਰਵਕ ਤਕਨੀਕੀ ਜਾਣਕਾਰੀ ਦਿੱਤੀ। 
    ਇਸ ਕੈਂਪ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਡਾ. ਡੂੰਗਰ ਸਿੰਘ ਬਰਾੜ, ਡਾ. ਭੀਮ ਅਵਤਾਰ, ਡਾ. ਮੰਗਲਦਾਸ, ਡਾ. ਜਸਵਿੰਦਰ ਸਿੰਘ ਅਤੇ ਡਾ. ਜਸਲੀਨ ਕੌਰ ਧਾਲੀਵਾਲ ਦੀ ਟੀਮ ਵੱਲੋ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਖੇਤੀ ਅਤੇ ਸਹਾਇਕ ਧੰਦਿਆਂ ਲਈ ਪ੍ਰਦਰਸ਼ਨੀਆਂ ਲਗਾਈਆਂ ਗਈਆਂ।    

     
ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ: ਗੁਰਮੇਲ ਸਿੰਘ ਚਹਿਲ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਮਾਨਸਾ ਵੱਲੋਂ ਆਉਂਦੀ ਸਾਉਣੀ ਦੌਰਾਨ ਝੋਨੇ ਦਾ ਰਕਬਾ 15-20% ਘਟਾ ਕੇ 11000 ਹੈੱਕਟੇਅਰ ਰਕਬਾ ਨਰਮੇ ਹੇਠ ਵਧਾ ਕੇ ਨਰਮੇ ਦੀ ਕਾਸ਼ਤ 66,000 ਹੈਕਟੇਅਰ ਰਕਬੇ ਵਿੱਚ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵਲੋ ਜ਼ਹਿਰਾਂ ਦੀ ਵਰਤੋਂ ਨੂੰ ਘਟਾਉਣ ਲਈ ਝੋਨੇ ਦੀ ਫਸਲ ਲਈ ਬੀਜ਼ ਸੋਧ ਤਕਨੀਕ ਚਲਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਇਸ ਮੌਕੇ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਖੇਤੀ ਮਸ਼ੀਨਰੀ/ਸੰਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ ਤੋਂ ਇਲਾਵਾ 10 ਸੈਲਫ ਹੈਲਪ ਗਰੁੱਪਾਂ ਵੱਲੋਂ ਆਪਣੀਆਂ ਵਸਤਾਂ ਦੀ ਨੁਮਾਇਸ਼ ਲਗਾਕੇ ਕਿਸਾਨਾਂ ਨੂੰ ਸਵੈ-ਮੰਡੀਕਰਨ ਕਰਨ ਲਈ ਪ੍ਰੇਰਿਤ ਕੀਤਾ। 


ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਗੁਰਾਦਿੱਤਾ ਸਿੰਘ ਸਿੱਧੂ ਨੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਨਰਮੇ ਅਤੇ ਝੋਨੇ ਦੀ ਫਸਲ ਸਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਕੈਂਪ ਦਾ ਸਟੇਜ ਸੰਚਾਲਣ ਡਾ. ਹਰਵਿੰਦਰ ਸਿੰਘ ਸਿੱਧੂ ਖੇਤੀਬਾੜੀ ਵਿਕਾਸ ਅਫਸਰ ਵੱਲੋਂ ਕੀਤਾ ਗਿਆ। ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ, ਡਾ. ਮਨੋਜ ਕੁਮਾਰ, ਡਾ. ਪ੍ਰਦੀਪ ਸਿੰਘ, ਡਾ. ਸੁਖਜਿੰਦਰ ਸਿੰਘ, ਸ੍ਰੀ ਫਕੀਰ ਚੰਦ ਤਕਨੀਕੀ ਸਹਾਇਕ ,ਖੇਤੀਬਾੜੀ ਉਪਨਿਰੀਖਕ ਅਤੇ ਸਮੂਹ ਸਟਾਫ ਵੱਲੋਂ ਯੋਗਦਾਨ ਪਾਇਆ ਗਿਆ।

LEAVE A REPLY

Please enter your comment!
Please enter your name here