

ਬਠਿੰਡਾ(ਸਾਰਾ ਯਹਾ) : ਬਠਿੰਡਾ ਦੇ ਬੀਬੀ ਵਾਲਾ ਪਿੰਡ ਵਿੱਚ ਪੁਰਾਣੇ ਆਪਸੀ ਵਿਵਾਦ ਦੇ ਚੱਲਦਿਆਂ ਹੋਈ ਗੋਲੀਬਾਰੀ ਵਿੱਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਬੀਵਾਲਾ ਪਿੰਡ ਵਿੱਚ ਰਹਿਣ ਵਾਲੇ ਦੋ ਸਕੇ ਭਰਾ ਜਰਨੈਲ ਸਿੰਘ ਅਤੇ ਮੁਖਤਿਆਰ ਸਿੰਘ ਦਾ ਆਪਣੇ ਗੁਆਂਢੀ ਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਸੀ।
ਜ਼ਮੀਨ ਉੱਚੇ ਥਾਂ ਹੋਣ ਕਾਰਨ ਅਕਸਰ ਹੀ ਇਨ੍ਹਾਂ ਦਾ ਪਾਣੀ ਨੀਵੇਂ ਥਾਂ ਗੁਆਂਢੀਆਂ ਦੀ ਪੈਲ਼ੀ ਵਿੱਚ ਚਲਾ ਜਾਂਦਾ ਸੀ ਜਿਸ ਕਰਕੇ ਦੋਵਾਂ ਧਿਰਾਂ ’ਚ ਅਕਸਰ ਵਿਵਾਦ ਚੱਲਦਾ ਰਹਿੰਦਾ ਸੀ। ਇਸ ਵਿਵਾਦ ਨੂੰ ਖਤਮ ਕਰਨ ਲਈ ਅੱਜ ਜਦੋਂ ਜਰਨੈਲ ਸਿੰਘ ਅਤੇ ਮੁਖਤਿਆਰ ਸਿੰਘ ਆਪਣੀ ਪੈਲੀ ਵਿੱਚ ਕਰਾਹਾ ਮਾਰ ਕੇ ਉਸ ਨੂੰ ਨੀਵਾਂ ਕਰ ਰਹੇ ਸਨ ਤਾਂ ਅਚਾਨਕ ਟਰੈਕਟਰ ਫਸ ਗਿਆ, ਜਿਸ ਨਾਲ ਮਿੱਟੀ ਪਲਟ ਕੇ ਗੁਆਂਢੀਆਂ ਦੇ ਖੇਤ ਵਿੱਚ ਜਾ ਡਿੱਗੀ। ਇਸ ਤੋਂ ਭੜਕਦੇ ਹੋਏ ਉਨ੍ਹਾਂ ਨੇ ਜਰਨੈਲ ਸਿੰਘ ਅਤੇ ਮੁਖਤਿਆਰ ਸਿੰਘ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਦੋਵੇਂ ਭਰਾ ਜ਼ਖ਼ਮੀ ਹੋ ਗਏ। ਦੋਵਾਂ ਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਮਰਨ ਵਾਲਿਆਂ ਵਿੱਚ ਵੱਡਾ ਭਰਾ ਜਰਨੈਲ ਸਿੰਘ ਜੰਮੂ ਕਸ਼ਮੀਰ ਦੇ ਕੁਪਵਾੜਾ ਵਿੱਚ ਫਾਇਰ ਬ੍ਰਿਗੇਡ ਅਫ਼ਸਰ ਵਜੋਂ ਤਾਇਨਾਤ ਸੀ ਅਤੇ ਪੰਦਰਾਂ ਦਿਨ ਦੀ ਛੁੱਟੀ ਲੈ ਕੇ ਪਿੰਡ ਆਇਆ ਸੀ, ਜਦਕਿ ਛੋਟਾ ਭਰਾ ਮੁਖਤਿਆਰ ਸਿੰਘ ਬਠਿੰਡਾ ਛਾਉਣੀ ਵਿਖੇ ਐਮਈਐਸ ਵਿੱਚ ਤਾਇਨਾਤ ਸੀ। ਪਰਿਵਾਰ ਵਿੱਚੋਂ ਅਚਾਨਕ ਇਸ ਤਰ੍ਹਾਂ ਕਰਦੇ ਦੋ ਮੋਢੀਆਂ ਦਾ ਕਤਲ ਹੋ ਜਾਣ ਨਾਲ ਪੂਰਾ ਪਰਿਵਾਰ ਸਦਮੇ ’ਚ ਹੈ
EDITED BY : SARA YAHA PUNJABI NEWS























