

ਮਾਨਸਾ, (ਹੀਰਾ ਸਿੰਘ ਮਿੱਤਲ ):-ਅੱਜ ਮਾਨਸਾ ਜ਼ਿਲੇ ਦੇ ਪਿੰਡ ਨੰਗਲ ਕਲਾਂ ਵਿਖੇ ਸਿਹਤ ਵਿਭਾਗ ਦੀ ਟੀਮ ਵਲੋਂ ਐੱਸ.ਆਰ ਮੀਜ਼ਲ (ਖਸਰਾ) ਅਤੇ ਰੁਬੇਲਾ ਦੇ ਟੀਕਾਕਰਨ ਵੇਲੇ ਸਕੂਲ ਦੀਆਂ 8 ਵਿਦਿਆਰਥਣਾਂ ਬੇਹੋਸ਼ ਹੋ ਗਈਆਂ। ਜਿਨ੍ਹਾਂ ‘ਚੋਂ 4 ਵਿਦਿਆਰਥਣਾਂ ਨੂੰ ਮੌਕੇ ‘ਤੇ ਇਲਾਜ ਕਰਕੇ ਘਰਾਂ ਨੂੰ ਭੇਜ ਦਿੱਤਾ, ਜਦੋਂ ਕਿ 4 ਵਿਦਿਆਰਥਣਾਂ ਨੂੰ ਬਚਾਅ ਲਈ ਸਿਵਲ ਹਸਪਤਾਲ ਮਾਨਸਾ ‘ਚ ਦਾਖਲ ਕਰਵਾਉਣਾ ਪਿਆ। ਸਿਵਲ ਹਸਪਤਾਲ ਦੇ ਡਾਕਟਰੀ ਅਮਲੇ ਨੇ 2 ਘੰਟੇ ਦੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਹੋਸ਼ ‘ਚ ਲਿਆਂਦਾ ਪਰ ਹਾਲੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਮਾਮਲੇ ਨੂੰ ਲੈ ਕੇ ਪੂਰੇ ਪਿੰਡ ਦੇ ਲੋਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਉਹ ਆਪਣੇ ਬੱਚਿਆਂ ਨੂੰ ਦੇਖਣ ਲਈ ਸਕੂਲ ਅਤੇ ਇੱਥੋਂ ਦੇ ਹਸਪਤਾਲ ਅੰਦਰ ਇਕੱਠੇ ਹੋਣ ਲੱਗੇ। ਇਹ ਖਬਰ ਪੂਰੇ ਇਲਾਕੇ ‘ਚ ਪਲਾਂ ‘ਚ ਹੀ ਫੈਲ ਗਈ। ਇਸ ਮੌਕੇ ਉਨ੍ਹਾਂ ‘ਚ ਹਫੜਾ-ਦਫੜੀ ਦਾ ਮਾਹੌਲ ਦੇਖਣ ਨੂੰ ਮਿਲਿਆ। ਮੌਕੇ ‘ਤੇ ਸਿਵਲ ਹਸਪਤਾਲ ‘ਚ ਹਾਜ਼ਰ ਗੋਰਮਿੰਟ ਸੀਨੀਅਰ ਸੈਕੰਡਰੀ ਸਕੂਲ ਨੰਗਲ ਕਲਾਂ ਦੇ ਲੈਕਚਰਾਰ ਜਸਵੀਰ ਸਿੰਘ ਖਾਲਸਾ ਅਤੇ ਜਸਵਿੰਦਰ ਸਿੰਘ ਨੇ ਕਿਹਾ ਕਿ ਇਹ ਟੀਕੇ ਕਾਫ਼ੀ ਬੱਚਿਆਂ ‘ਤੇ ਲਗਾਏ ਗਏ ਸਨ, ਜਦੋਂ ਕਿ ਬਾਕੀ ਠੀਕਠਾਕ ਹਨ।
ਸਿਵਲ ਸਰਜਨ ਨੇ ਕੀਤਾ ਸੀ ਸੋਸ਼ਲ ਮੀਡੀਆ ਦੀ ਤਕਰੀਰ ਦਾ ਖੰਡਨ

ਜ਼ਿਕਰਯੋਗ ਹੈ ਕਿ ਕਿ ਇਸ ਤੋਂ ਪਹਿਲਾਂ ਐੱਸ.ਆਰ ਮੀਜ਼ਲ (ਖਸਰਾ ਅਤੇ ਜਰਮਨ ਖਸਰਾ) ਅਤੇ ਰੁਬੇਲਾ ਬਾਰੇ ਸੋਸ਼ਲ ਮੀਡੀਆਂ ਉਪਰ ਵਾਇਰਲ ‘ਖਸਰਾ ਅਤੇ ਰੁਬੇਲਾ’ ਮੁਹਿੰਮ ਦੇ ਵਿਰੋਧ ‘ਚ ਦਿੱਤੀ ਤਕਰੀਰ ਦਾ ਸਿਹਤ ਵਿਭਾਗ ਪੰਜਾਬ ਨੇ ਖੰਡਨ ਕਰਦਿਆਂ ਇਸ ਤਕਰੀਰ ਨੂੰ ਤੱਥਹੀਣ ਕਰਾਰ ਦਿੱਤਾ ਹੈ ਪਰ ਇਹ ਘਟਨਾ ਵਾਪਰਨ ਤੇ ਹੁਣ ਸੋਸ਼ਲ ਮੀਡੀਆ ਦੀ ਤਕਰੀਰ ਸੱਚ ਸਾਬਤ ਹੋਣ ਲੱਗੀ ਹੈ। ਇਸ ਮਾਮਲੇ ਨੂੰ ਲੈ ਕੇ ਸਿਵਲ ਸਰਜਨ ਮਾਨਸਾ ਡਾ. ਅਨੂਪ ਕੁਮਾਰ ਨੇ ਕਿਹਾ ਕਿ ਇਹ ਟੀਕਾ ਪਿਛਲੇ ਕਈ ਸਾਲਾਂ ਤੋਂ ਲੋਕ ਆਪਣੇ ਬੱਚਿਆਂ ਨੂੰ ਮਾਰਕਿਟ ਵਿਚੋਂ ਖਰੀਦ ਕੇ ਲਗਵਾ ਰਹੇ ਹਨ ਪਰ ਹੁਣ ਇਹ ਟੀਕਾ ਮਹਿੰਗਾ ਹੋਣ ਕਰਕੇ ਸਾਰੇ ਲੋਕ ਨਹੀਂ ਲਗਵਾ ਰਹੇ ਸਨ। ਉਨ੍ਹਾਂ ਕਿਹਾ ਸੀ ਕਿ ਵਿਸ਼ਵ ਸਿਹਤ ਸੰਸਥਾ ਦੀ ਸਲਾਹ ਨਾਲ ਸਰਕਾਰ ਵਲੋਂ ਸਭ ਨੂੰ ਇਹ ਟੀਕਾ ਮੁਫਤ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੂਰੇ ਭਾਰਤ ‘ਚ 8 ਕਰੋੜ ਬੱਚਿਆਂ ਨੂੰ ਇਹ ਟੀਕਾ ਲੱਗ ਚੁੱਕਾ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਬੁਰਾ ਅਸਰ ਬੱਚਿਆਂ ‘ਤੇ ਸਾਹਮਣੇ ਨਹੀਂ ਆਇਆ ਹੈ।























