

ਬਠਿੰਡਾ (ਸਾਰਾ ਯਹਾ) — ਹੁਣ ਬਠਿੰਡਾ-ਚੰਡੀਗੜ੍ਹ ਅਤੇ ਬਠਿੰਡਾ-ਅੰਮ੍ਰਿਤਸਰ ਵਿਚਕਾਰ ਦਾ ਸਫਰ ਕਾਰ ‘ਚ ਮਹਿੰਗਾ ਪਵੇਗਾ ਕਿਉਂਕਿ ਹੁਣ ਇੱਥੇ ਰਸਤੇ ‘ਚ ਪੈਂਦੇ ਟੋਲ ਪਲਾਜ਼ਿਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ ਜ਼ਿਲ੍ਹੇ ‘ਚ ਰਾਸ਼ਟਰੀ ਮਾਰਗਾਂ ‘ਤੇ ਦੋ ਹੋਰ ਟੋਲ ਪਲਾਜ਼ਾ ਸ਼ੁਰੂ ਹੋ ਗਏ ਹਨ।ਬਠਿੰਡਾ-ਅੰਮ੍ਰਿਤਸਰ ਸੜਕ ‘ਤੇ ਪੈਂਦਾ ਪਿੰਡ ਜੀਦਾ ਨੇੜਲਾ ਟੋਲ ਅਤੇ ਬਠਿੰਡਾ-ਜ਼ੀਰਕਪੁਰ ਮਾਰਗ ‘ਤੇ ਬਠਿੰਡਾ ਜ਼ਿਲ੍ਹੇ ਦਾ ਲਹਿਰਾ ਬੇਗਾ ਟੋਲ ਪਲਾਜ਼ਾ ਹੁਣ ਚਾਲੂ ਹੋ ਗਏ ਹਨ। ਉੱਥੇ ਹੀ ਬਠਿੰਡਾ-ਜ਼ੀਰਕਪੁਰ ਮਾਰਗ ‘ਤੇ ਹੁਣ ਸਿਰਫ ਦੋ ਟੋਲ ਪਲਾਜ਼ਾ ਚੱਲਣੇ ਬਾਕੀ ਰਹਿ ਗਏ ਹਨ।ਬਠਿੰਡਾ-ਜ਼ੀਰਕਪੁਰ ਮਾਰਗ ‘ਤੇ ਕੁੱਲ ਪੰਜ ਟੋਲ ਪਲਾਜ਼ਾ ਹਨ, ਜਿਨ੍ਹਾਂ ‘ਚੋਂ ਹੁਣ ਤਿੰਨ ਟੋਲ ਕੰਮ ਕਰ ਰਹੇ ਹਨ। ਸੰਗਰੂਰ-ਪਟਿਆਲਾ ਵਿਚਕਾਰ ਪਿੰਡ ਕਾਲਾਝਾੜ ਵਿਚਲਾ ਟੋਲ ਪਲਾਜ਼ਾ ਪਹਿਲਾਂ ਹੀ ਚੱਲ ਰਿਹਾ ਹੈ, ਜਦੋਂ ਕਿ ਦੂਜਾ ਟੋਲ ਪਲਾਜ਼ਾ ਬਡਬਰ ਨੇੜੇ ਚੱਲ ਰਿਹਾ ਹੈ ਅਤੇ ਹੁਣ ਲਹਿਰਾ ਬੇਗਾ ਟੋਲ ਵੀ ਸ਼ੁਰੂ ਹੋ ਗਿਆ ਹੈ। ਤਕਰੀਬਨ 214 ਕਿਲੋਮੀਟਰ ਲੰਮੇ ਇਸ ਸੜਕ ਮਾਰਗ ‘ਤੇ ਪੰਜ ਟੋਲ ਪਲਾਜ਼ਾ ਬਣੇ ਹੋਏ ਹਨ ਅਤੇ ਬਾਕੀ ਰਹਿੰਦੇ ਦੋ ਟੋਲ ਪਲਾਜ਼ਾ ਜੂਨ ‘ਚ ਚੱਲਣ ਦੀ ਸੰਭਾਵਨਾ ਹੈ, ਯਾਨੀ ਕਿ ਖੁੱਲ੍ਹੀ ਸੜਕ ਦੀ ਸੁਵਿਧਾ ਦੇ ਨਾਲ-ਨਾਲ ਜੇਬ ਵੀ ਢਿੱਲੀ ਹੋਵੇਗੀ।
ਲਹਿਰਾ ਬੇਗਾ ਟੋਲ ਪਲਾਜ਼ਾ ‘ਤੇ ਕਿੰਨੀ ਦੀ ਕੱਟੇਗੀ ਪਰਚੀ?
ਲਹਿਰਾ ਬੇਗਾ ਨੇੜੇ ਬੀਤੇ ਦਿਨੀਂ ਟੋਲ ਪਲਾਜ਼ਾ ਚਾਲੂ ਹੋਇਆ ਹੈ, ਜਿਸ ਦਾ ਨੋਟੀਫ਼ਿਕੇਸ਼ਨ ਰਾਸ਼ਟਰੀ ਹਾਈਵੇਜ਼ ਅਥਾਰਿਟੀ ਨੇ 15 ਮਈ ਨੂੰ ਜਾਰੀ ਕਰ ਦਿੱਤਾ ਸੀ।ਈਗਲ ਇਨਫਰਾ ਕੰਪਨੀ ਵੱਲੋਂ ਤਿੰਨ ਮਹੀਨਿਆਂ ਲਈ ਲਹਿਰਾ ਬੇਗਾ ਟੋਲ ਪਲਾਜ਼ਾ ‘ਤੇ ਟੈਕਸ ਇਕੱਠਾ ਕੀਤਾ ਜਾਵੇਗਾ ਅਤੇ ਉਸ ਮਗਰੋਂ ਨਵੀਂ ਕੰਪਨੀ ਆਵੇਗੀ।ਬਠਿੰਡਾ ਜ਼ਿਲ੍ਹਾ ਪਹਿਲਾਂ ਟੋਲ ਮੁਕਤ ਸੀ ਪਰ ਹੁਣ ਇਸ ਜ਼ਿਲ੍ਹੇ ਨੂੰ ਟੋਲ ਨੇ ਘੇਰਾ ਪਾ ਲਿਆ ਹੈ।
ਬਠਿੰਡਾ-ਜ਼ੀਰਕਪੁਰ ਸੜਕ ‘ਤੇ ਲਹਿਰਾ ਬੇਗਾ ਟੋਲ ਪਲਾਜ਼ਾ ‘ਤੇ ਕਾਰ/ਜੀਪ ਚਾਲਕਾਂ ਨੂੰ ਇਕ ਪਾਸੇ ਦੇ 55 ਰੁਪਏ ਤੇ ਦੋਹਰੇ ਗੇੜੇ ਦੇ 85 ਰੁਪਏ ਦੇਣੇ ਪੈਣਗੇ। ਮਿੰਨੀ ਬੱਸਾਂ ਲਈ ਇਕ ਪਾਸੇ ਦਾ ਟੋਲ 90 ਰੁਪਏ ਤੇ ਦੋਹਰੇ ਗੇੜੇ ਦਾ 135 ਰੁਪਏ ਹੋਵੇਗਾ।ਬੱਸ ਅਤੇ ਟਰੱਕ ਲਈ ਇਕ ਪਾਸੇ ਦਾ ਟੋਲ 190 ਅਤੇ ਦੋਹਰੇ ਗੇੜੇ ਦਾ 285 ਰੁਪਏ ਟੋਲ ਹੋਵੇਗਾ।ਬਠਿੰਡਾ ਜ਼ਿਲ੍ਹੇ ਦੇ ਵਾਹਨਾਂ ਲਈ ਮਹੀਨਾਵਾਰ ਪਾਸ ਬਣਾਏ ਜਾਣ ਦੀ ਵੀ ਸਹੂਲਤ ਦਿੱਤੀ ਗਈ ਹੈ।ਕਾਰ/ਜੀਪ ਦੇ ਮਹੀਨਾਵਾਰ ਪਾਸ ਲਈ 255 ਰੁਪਏ ਅਤੇ ਮਿੰਨੀ ਬੱਸ ਦੇ ਪਾਸ ਲਈ 3035 ਰੁਪਏ ਲਏ ਜਾਣਗੇ।
By : SARA YAHA | | Last Updated : 20 May 2018























