

ਮਾਨਸਾ, 24 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹੇ ਦੇ ਹਰ ਪਿੰਡ ਵਿਚ 550 ਪੌਦੇ ਲਗਾਉਣ ਦੀ ਮੁਹਿੰਮ ਪੰਜਾਬ ਸਰਕਾਰ ਦੁਆਰਾ ਵਿੱਢੀ ਗਈ ਹੈ ਜਿਸ ਤਹਿਤ 15 ਅਗਸਤ 2019 ਤੱਕ 1 ਲੱਖ 34 ਹਜ਼ਾਰ 750 ਪੌਦੇ ਜ਼ਿਲ੍ਹਾ ਮਾਨਸਾ ਵਿਚ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਮੁਹਿੰਮ ਨੂੰ ਨੇਪਰੇ ਚਾੜ੍ਹਦਿਆਂ ਜ਼ਿਲ੍ਹਾ ਮਾਨਸਾ ਵਿਚ 54,910 ਪੌਦੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ ਪੌਦੇ ਲਗਾਉਣ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਵਣ ਵਿਭਾਗ ਵੱਲੋਂ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮੰਤਵ ਜ਼ਿਲ੍ਹਾ ਮਾਨਸਾ ਵਿਚ ਹਰਿਆਵਲ ਵਧਾਉਣਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ਼ ਸੁਥਰਾ ਵਾਤਾਵਰਣ ਦੇ ਸਕੀਏ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੁਆਰਾ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਲਈ ਸਮਰਪਣ ਭਾਵਨਾ ਨਾਲ ਕੰਮ ਕੀਤਾ ਜਾ ਰਿਹਾ ਹੈ ਉੱਥੇ ਹੀ ਇਹ ਵੱਡੀ ਗੱਲ ਹੈ ਕਿ ਇਸ ਤਹਿਤ ਵਾਤਾਵਰਣ ਦੀ ਸੰਭਾਲ ਅਤੇ ਸਵੱਛਤਾ ਲਈ ਵਿਸ਼ੇਸ਼ ਯੋਗਦਾਨ ਪਾਉਣ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਦੀ ਹੋਂਦ ਲਈ ਪੌਦੇ, ਰੁੱਖ ਅਹਿਮ ਯੋਗਦਾਨ ਰੱਖਦੇ ਹਨ ਜਿਸ ਲਈ ਇਨ੍ਹਾਂ ਦੀ ਸੰਭਾਲ ਅਤਿ ਜਰੂਰੀ ਹੈ।
ਡਵੀਜ਼ਨਲ ਜੰਗਲਾਤ ਅਫ਼ਸਰ ਸ੍ਰੀ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਵਿਚ ਵਣ ਰੇਂਜ ਮਾਨਸਾ ਅਤੇ ਵਣ ਰੇਂਜ ਬੁਢਲਾਡਾ ਆਉਂਦੇ ਹਨ ਜ਼ਿਨ੍ਹਾਂ ਵਿਚੋਂ ਮਾਨਸਾ ਰੇਂਜ ਵਿਚ 76 ਪਿੰਡ ਅਤੇ ਬੁਢਲਾਡਾ ਰੇਂਜ ਵਿਚ 169 ਪਿੰਡ ਹਨ। ਉਨ੍ਹਾਂ ਦੱਸਿਆ ਕਿ ਵਣ ਰੇਂਜ ਮਾਨਸਾ ਦੇ 23 ਪਿੰਡਾਂ ਅਤੇ ਵਣ ਰੇਂਜ ਬੁਢਲਾਡਾ ਦੇ 66 ਪਿੰਡਾਂ ਵਿਚ ਪੌਦੇ ਲਗਾਉਣ ਲਈ ਮਿੱਟੀ ਪਾਉਣ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਇਸ ਤਹਿਤ ਮਾਨਸਾ ਰੇਂਜ ਵਿਚ 12,600 ਅਤੇ ਬੁਢਲਾਡਾ ਰੇਂਜ ਵਿਚ 42,310 ਬੂਟੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬੁਢਲਾਡਾ ਰੇਂਜ ਦੇ 169 ਪਿੰਡਾਂ ਵਿਚੋਂ 66 ਪਿੰਡਾ ਵਿਚ ਮਿੱਟੀ ਪਵਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ ਅਤੇ ਬੁਢਲਾਡਾ ਦੇ 103 ਪਿੰਡ ਅਤੇ ਮਾਨਸਾ ਦੇ 53 ਪਿੰਡਾਂ ਵਿਚ ਇਹ ਕੰਮ ਜੋਰਾਂ ਸ਼ੋਰਾਂ ਤੇ ਪਿੰਡਾਂ ਵਾਸੀ ਅਤੇ ਪੰਚਾਇਤ ਵਿਭਾਗ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱÎਸਿਆ ਕਿ ਪਿੰਡਾਂ ਵਿਚ ਨਿੰਮ੍ਹ, ਟਾਹਲੀ, ਜਾਮਣ, ਰਜ਼ੈਣ, ਡੇਕ, ਸਤਪੱਤੀ, ਚਕਰੇਸ਼ੀਆ ਆਦਿ ਛਾਂਦਾਰ ਬੂਟੇ ਲਗਾਏ ਗਏ ਹਨ। ਮਗਨਰੇਗਾ ਸਕੀਮ ਅਧੀਨ 2,93,348 ਪੌਦੇ ਮੌਕੇ ਤੇ ਉਪਲਬਧ ਹਨ, ਜਿੰਨ੍ਹਾਂ ਦੀ ਵਰਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ 550 ਪੌਦੇ ਹਰ ਪਿੰਡ ਲਗਾਉਣ ਲਈ ਕੀਤੀ ਜਾ ਰਹੀ ਹੈ। ਜ਼ਿਲ੍ਹੇ ਅਧੀਨ 245 ਪਿੰਡ ਆਉਂਦੇ ਹਨ ਜਿਸ ਅਨੁਸਾਰ ਝੁਨੀਰ ਬਲਾਕ ਦੇ 33, ਸਰਦੂਲਗੜ੍ਹ ਬਲਾਕ ਦੇ 44, ਬੁਢਲਾਡਾ ਬਲਾਕ ਦੇ 85, ਮਾਨਸਾ ਬਲਾਕ ਦੇ 42 ਅਤੇ ਭੀਖੀ ਬਲਾਕ ਦੇ 41 ਪਿੰਡ ਹਨ ਜਿੰਨ੍ਹਾਂ ਵਿਚ 550 ਬੂਟਿਆਂ ਦੀ ਪਲਾਂਟੇਸ਼ਨ ਕੀਤੀ ਜਾਣੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਆਪਣੇ ਨਿੱਜੀ ਤੌਰ ਤੇ ਆਪਣੀ ਜਗ੍ਹਾ ਵਿਚ ਪੌਦੇ ਲਗਾਉਣੇ ਚਾਹੁੰਦਾ ਹੈ ਤਾਂ ਉਹ ਆਈ ਹਰਿਆਲੀ ਮੋਬਾਇਲ ਐਪਲੀਕੇਸ਼ਨ ਰਾਹੀਂ ਪ੍ਰਤੀ ਵਿਅਕਤੀ ਚਾਰ ਤੋਂ ਪੰਜ ਪੌਦੇ ਲੈਣ ਲਈ ਅਪਲਾਈ ਕਰ ਸਕਦਾ ਹੈ। ਇਹ ਪੌਦੇ ਵਣ ਵਿਭਾਗ ਦੀਆਂ ਚਾਰ ਨਰਸਰੀਆਂ (ਬੁਰਜ ਹਰੀ, ਭੈਣੀ ਬਾਘਾ, ਕੁਸਲਾ ਅਤੇ ਚੱਕ ਫਾਰਮ ਬੁਢਲਾਡਾ ਬੋਹਾ ਰੋਡ) ਵਿਖੇ ਉਪਲਬਧ ਹਨ।























