

ਮਾਨਸਾ, 20 ਜੁਲਾਈ (ਸਾਰਾ ਯਹਾ,(ਬਲਜੀਤ ਸ਼ਰਮਾ) : ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਮਾਨਸਾ ਵਿਖੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਕਮਿਸ਼ਨਰ ਫਰੀਦਕੋਟ ਮੰਡਲ ਫਰੀਦਕੋਟ ਸ਼੍ਰੀ ਰਵਿੰਦਰ ਕੁਮਾਰ ਕੌਸ਼ਿਕ ਨੇ ਸਥਾਨਕ ਬੱਚਤ ਭਵਨ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਸਬੰਧਤ ਅਧਿਕਾਰੀਆਂ ਤੋਂ ਘੱਗਰ/ ਡਰੇਨਾਂ ਦੀ ਸਫਾਈ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਕਰ ਹੜ੍ਹਾਂ ਦੀ ਸਥਿਤੀ ਵਿੱਚ ਹਰੇਕ ਅਧਿਕਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ, ਤਾਂ ਉਹ ਤੁਰੰਤ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਉਣ। ਕਮਿਸ਼ਨਰ ਸ਼੍ਰੀ ਕੌਸ਼ਿਕ ਨੇ ਕਿਹਾ ਕਿ ਫਿਲਹਾਲ ਮਾਨਸਾ ਜ਼ਿਲ੍ਹੇ ਅੰਦਰ ਹੜ੍ਹਾਂ ਤੋਂ ਡਰ ਵਾਲੀ ਕੋਈ ਗੱਲ ਨਹੀਂ ਹੈ ਪਰ ਫਿਰ ਵੀ ਸਮੂਹ ਵਿਭਾਗ ਆਪਣੇ-ਆਪਣੇ ਕੰਮਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਰਹਿਣ। ਉਨ੍ਹਾਂ ਪਸ਼ੂ ਪਾਲਣ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਹੜ੍ਹ ਦੇ ਹਾਲਾਤਾਂ ਵਿੱਚ ਪਸ਼ੂਆਂ ਲਈ ਹਰੇ ਚਾਰੇ, ਤੂੜੀ ਦੀ ਸਪਲਾਈ, ਪਸ਼ੂਆਂ ਵਿੱਚ ਕਿਸੇ ਵੀ ਪ੍ਰਕਾਰ ਦੀ ਬਿਮਾਰੀ ਨੂੰ ਫੈਲਣ ਤੋਂ ਬਚਾਉਣ ਲਈ ਪੁਖ਼ਤਾ ਪ੍ਰਬੰਧ ਰੱਖੇ ਜਾਣ। ਉਨ੍ਹਾਂ ਨਾਲ ਹੀ ਸਿਵਲ ਸਰਜਨ ਨੂੰ ਵੀ ਹਦਾਇਤ ਕੀਤੀ ਕਿ ਮਨੁੱਖਾਂ ਅਤੇ ਪਸ਼ੂਆਂ ਦੇ ਇਲਾਜ, ਪ੍ਰੀਕਾਸ਼ਨ ਲਈ ਦਵਾਈਆਂ, ਟੀਕਾਕਰਨ ਅਤੇ ਸੱਪਾਂ ਆਦਿ ਦੇ ਕੱਟਣ ਤੋਂ ਬਚਾਅ ਲਈ ਇੰਤਜ਼ਾਮ ਕਰ ਲਏ ਜਾਣ। ਸ਼੍ਰੀ ਰਵਿੰਦਰ ਕੌਸ਼ਿਕ ਨੇ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨੂੰ ਕਿਹਾ ਕਿ ਮਨੁੱਖੀ ਵਰਤੋਂ ਲਈ ਅਨਾਜ, ਦਾਲਾਂ, ਗੈਸ, ਤਰਪਾਲਾਂ ਆਦਿ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ ਅਤੇ ਮਾਰਕਫੈਡ ਜਾਂ ਪਨਗਰੇਨ ਦੇ ਜੋ ਗੋਦਾਮ ਨੀਵੇਂ ਹਨ, ਉਨ੍ਹਾਂ ਦੀ ਚੰਗੀ ਤਰ੍ਹਾਂ ਸੰਭਾਲ ਯਕੀਨੀ ਬਣਾਈ ਜਾਵੇ। ਇਸ ਤੋਂ ਇਲਾਵਾ ਹੜ੍ਹਾਂ ਦੀ ਸਥਿਤੀ ਵਿੱਚ ਮਿੱਟੀ ਦੇ ਤੇਲ, ਰਸੋਈ ਗੈਸ ਅਤੇ ਡੀਜ਼ਲ ਆਦਿ ਦੇ ਪ੍ਰਬੰਧ ਲਈ ਇੱਕ ਲਿਖਤ ਕਾਰਜ ਵਿਧੀ ਤਿਆਰ ਕੀਤੀ ਜਾਵੇ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਹੜ੍ਹ ਆਉਣ ਦੀ ਸਥਿਤੀ ਵਿੱਚ ਬਚਾਓ ਕੇਂਦਰਾਂ ਵਿੱਚ ਆਮ ਜਨਤਾ ਦੀ ਵਰਤੋਂ ਲਈ ਆਰਜੀ ਸ਼ੈਲਟਰਜ਼ ਅਤੇ ਆਰਜੀ ਟਾਇਲਟਸ ਆਦਿ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਇੱਕਠੇ ਹੋਈ ਪਾਣੀ ਦਾ ਨਿਕਾਸ, ਸ਼ਹਿਰੀ ਸੀਵਰੇਜ਼ ਦੇ ਪਾਣੀ ਦਾ ਨਿਕਾਸ ਅਤੇ ਨਹਿਰਾਂ ਦੀ ਸੰਭਾਲ ਸਬੰਧੀ ਵੀ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਏ ਜਾਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪਹਿਲਾਂ ਤੋਂ ਹੀ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਉਨ੍ਹਾਂ ਕਮਿਸ਼ਨਰ ਫਰੀਦਕੋਟ ਮੰਡਲ ਦੇ ਧਿਆਨ ਹਿੱਤ ਲਿਆਂਦਾ ਕਿ ਚਾਂਦਪੁਰਾ ਬੰਨ੍ਹ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫ਼ੀ ਨੀਚੇ ਹੈ ਪਰ ਫਿਰ ਵੀ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਟੀਮਾਂ ਕਿਸੇ ਵੀ ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਤਿਆਰ ਹਨ ਅਤੇ ਇਸ ਸਬੰਧੀ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਵੀ ਮੀਟਿੰਗਾਂ ਕਰਕੇ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਈ ਵੀ ਅਧਿਕਾਰੀ ਸਟੇਸ਼ਨ ਛੱਡ ਕੇ ਨਹੀਂ ਜਾਵੇਗਾ ਅਤੇ ਆਪਣਾ ਮੋਬਾਇਲ ਫੋਨ ਹਰ ਸਮੇਂ ਆਨ ਰੱਖੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਗੁਰਮੀਤ ਸਿੰਘ ਸਿੱਧੂ, ਐਸ.ਪੀ.(ਐਚ) ਸ਼੍ਰੀ ਮੇਜਰ ਸਿੰਘ, ਐਸ.ਡੀ.ਐਮ. ਮਾਨਸਾ ਸ਼੍ਰੀ ਅਭੀਜੀਤ ਕਪਲਿਸ਼, ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੇਚਲਵਾਲ, ਐਸ.ਡੀ.ਐਮ. ਸਰਦੂਲਗੜ੍ਹ ਸ਼੍ਰੀ ਲਤੀਫ਼ ਅਹਿਮਦ ਅਤੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।























