Oplus_131072
ਮਾਨਸਾ, 20 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਵੱਲੋਂ ਅੰਤਰਰਾਸ਼ਟਰੀ ਪ੍ਰਧਾਨ ਡਾਕਟਰ ਅਸ਼ੋਕ ਅੱਗਰਵਾਲ ਮੈਂਬਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਭਾਰਤ ਸਰਕਾਰ ਦੀ ਅਗਵਾਈ ਹੇਠ ਇੱਕ ਪ੍ਰਭਾਵਸ਼ਾਲੀ ਸਮਾਗਮ ਦਿੱਲੀ ਦੇ ਅਸ਼ੋਕਾ ਹੋਟਲ ਵਿਖੇ ਕਰਕੇ ਵੈਸ਼ਯ ਸਮਾਜ ਦੇ 50 ਵਾਰ ਤੋਂ ਵੱਧ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ।ਇਹ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਵੈਸ਼ਯ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਗਲਾ ਨੇ ਦੱਸਿਆ ਕਿ ਇਸ ਸਮਾਗਮ ਸਮੇਂ ਪੂਰੇ ਭਾਰਤ ਵਿੱਚੋਂ ਵੈਸ਼ਯ ਸਮਾਜ ਦੇ 50 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ “ਰਕਤਵੀਰ” ਅਤੇ 100 ਤੋਂ ਵੱਧ ਵਾਰ ਖੂਨਦਾਨ ਕਰਨ ਵਾਲੇ ਵਿਅਕਤੀਆਂ ਨੂੰ “ਮਹਾ ਰਕਤਵੀਰ” ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਲੋਕ ਸਭਾ ਸਪੀਕਰ ਓਮ ਬਿਰਲਾ ਸਨ। ਮਹਾਂ ਮਹਿਮਾਨ ਕਵਿੰਦਰ ਗੁਪਤਾ ਉਪ ਰਾਜਪਾਲ ਲਦਾਖ਼ ਅਤੇ ਅਰਜੁਨ ਮੇਘਵਾਲ ਵਿਧੀ ਅਤੇ ਨਿਆ ਮੰਤਰੀ ਭਾਰਤ ਸਰਕਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋ ਕੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਜਿੱਥੇ ਭਾਰਤ ਦੇ ਉਤਰਪ੍ਰਦੇਸ਼, ਗੋਆ, ਤੇਲੰਗਾਨਾ, ਉਤਰਾਖੰਡ, ਗੁਜਰਾਤ ਸਮੇਤ ਵੱਖ ਰਾਜਾਂ ਦੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ । ਉਸ ਦੇ ਨਾਲ ਪੰਜਾਬ ਦੇ ਮਾਨਸਾ ਤੋਂ ਸੰਜੀਵ ਪਿੰਕਾ ਨੂੰ ਸਭ ਤੋਂ ਵੱਧ 140 ਵਾਰ ਖੂਨਦਾਨ ਕਰਨ ਲਈ ਮਹਾਂ ਰਕਤਵੀਰ ਅਤੇ ਬਠਿੰਡਾ ਦੇ ਮੁਕੇਸ਼ ਗੁਪਤਾ ਨੂੰ ਵੀ 101ਵਾਰ ਖੂਨਦਾਨ ਕਰਨ ਲਈ ਮਹਾਂ ਰਕਤਵੀਰ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੈਸਯ ਸਮਾਜ ਵੱਲੋਂ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਸਮੂਚੇ ਭਾਰਤ ਵਿਚ ਫੈਡਰੇਸ਼ਨ ਵੱਲੋਂ ਖੂਨਦਾਨ ਕੈਂਪ ਲਗਾਏ ਗਏ ਸਨ। ਜਿਨ੍ਹਾਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਖੂਨਦਾਨ ਯੂਨਿਟ ਬਲੱਡ ਸੈਂਟਰਾਂ ਵੱਲੋਂ ਇੱਕਠੇ ਕੀਤੇ ਗਏ। ਸੰਜੀਵ ਪਿੰਕਾ ਨੂੰ ਇਸ ਸਨਮਾਨ ਲਈ ਸ਼ਹਿਰ ਦੀਆਂ ਧਾਰਮਿਕ, ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੇ ਵਧਾਈ ਦਿੱਤੀ। ਸੰਜੀਵ ਪਿੰਕਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗ਼ਮ ਖੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰੇਕ ਤੰਦਰੁਸਤ ਵਿਅਕਤੀ ਨੂੰ ਸਾਲ ਵਿੱਚ ਚਾਰ ਵਾਰ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਅਤੇ ਉਹ ਖੁਦ ਲਗਾਤਾਰ ਇਸ ਮੁਹਿੰਮ ਨਾਲ ਜੁੜੇ ਰਹਿਣਗੇ।