ਸੰਘਰਸ਼ ਕਮੇਟੀ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਹੱਥੋਂ ਸਨਮਾਨ ਪੱਤਰ ਨਾ ਲੈਣ ਦੀ ਅਪੀਲ

0
8

ਮਾਨਸਾ 9 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਜਿਲ੍ਹਾ ਮਾਨਸਾ ਦੇ ਅਧਿਆਪਕਾਂ ਨੇ 11 ਫਰਵਰੀ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਬੋਹਾ ਫੇਰੀ ਦੌਰਾਨ ਘੇਰਨ ਦਾ ਫੈਸਲਾ ਕੀਤਾ। ਸੰਘਰਸ਼ ਕਮੇਟੀ ਵੱਲੋਂ ਇੱਕ ਦਰਜਨ ਦੇ ਕਰੀਬ ਕਮੇਟੀਆਂ ਦਾ ਗਠਨ ਕਰਦਿਆਂ ਐਲਾਨ ਕੀਤਾ ਗਿਆ ਹੈ ਕਿ ਉਹ ਜਿਸ ਸਕੂਲ ਵਿੱਚ ਵੀ ਜਾਵੇਗਾ ਉਸਨੂੰ ਘੇਰਦਿਆਂ ਉਸਦਾ ਵਿਰੋਧ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਸਰਕਾਰੀ ਸੈਕੰਡਰੀ ਸਕੂਲ, ਲੜਕੇ ਬੋਹਾ ਵਿਖੇ ਹੋ ਰਹੇ ਸਮਾਗਮ ਦੌਰਾਨ ਜਿੰਨ੍ਹਾਂ ਸਕੂਲ ਅਧਿਆਪਕਾਂ ਨੂੰ ਸੱਦਾ ਪੱਤਰ ਭੇਜੇ ਹਨ ਉਹ ਵੀ ਸਿੱਖਿਆ ਸਕੱਤਰ ਦਾ ਵਿਰੋਧ ਕਰਨ ਅਤੇ ਕੋਈ ਵੀ ਅਧਿਆਪਕ ਉਹਨਾਂ ਤੋਂ ਸਨਮਾਨ ਪੱਤਰ ਨਹੀਂ ਲਵੇਗਾ। ਸੰਘਰਸ਼ ਕਮੇਟੀ ਨੇ ਇਹ ਫੈਸਲਾ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੇ ਮਸਲਿਆਂ ਵਿੱਚ ਵੱਡਾ ਅੜਿੱਕਾ ਬਣਨ ਦੇ ਰੋਸ ਵਜੋਂ ਕੀਤਾ ਜਾ ਰਿਹਾ ਹੈ।

                   ਸ਼ੰਘਰਸ਼ ਕਮੇਟੀ ਦੇ ਆਗੂਆਂ ਗੁਰਪਿਆਰ ਕੋਟਲੀ, ਰਾਜਵਿੰਦਰ ਮੀਰ, ਖੁਸ਼ਵਿੰਦਰ ਬਰਾੜ, ਇੰਦਰਜੀਤ ਡੇਲੂਆਣਾ, ਸੁਖਚੈਨ ਗੁਰਨੇ, ਕਰਮਜੀਤ ਤਾਮਕੋਟ, ਸਤੀਸ਼ ਕੁਮਾਰ, ਹਰਦੀਪ ਸਿੱਧੂ, ਨਿਤਿਨ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੇ ਨਾਲ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਲਾਗੂ ਕਰਨ ਦੀ ਥਾਂ ਟਾਲ-ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਵੱਲੋਂ ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਉਹਨਾਂ ਤੋਂ ਭੱਜਿਆ ਜਾ ਰਿਹਾ ਹੈ ਜਿਸ ਕਾਰਨ ਪੰਜਾਬ ਭਰ ਦੇ ਅਧਿਆਪਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਹੋਰ ਵੀ ਦੁੱਖ ਦੀ ਗੱਲ ਹੈ ਕਿ ਸਿੱਖਿਆ ਸਕੱਤਰ ਅਧਿਆਪਕਾਂ ਦੇ ਮਸਲਿਆਂ ਵਿੱਚ ਵੱਡਾ ਅੜਿੱਕਾ ਬਣ ਰਿਹਾ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ਤੋਂ ਸਕੂਲਾਂ ਵਿੱਚ ਆਉਂਦੀਆਂ ਸਾਰੀਆਂ ਗ੍ਰਾਟਾਂ ਬੰਦ ਕਰਨ ਦੇ ਬਾਵਜੂਦ ਅਧਿਆਪਕ ਆਪਣੇ ਪੱਲਿਓ ਸਕੂਲਾਂ ਦੇ ਸਾਰੇ ਖਰਚੇ ਕਰ ਰਹੇ ਹਨ ਅਤੇ ਦੂਜੇ ਬੰਨੇ ਦਾਨੀ ਸੱਜਣਾਂ ਅੱਗੇ ਝੋਲੀਆਂ ਅੱਡ ਕੇ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਲੱਖਾ ਰੁਪਏ ਖਰਚ ਕੀਤੇ ਜਾ ਰਹੇ ਹਨ। ਪਰ ਇਸਦੇ ਬਾਵਜੂਦ ਸਿੱਖਿਆ ਸਕੱਤਰ ਵੱਲੋਂ ਕਿਸੇ ਵੀ ਅਧਿਆਪਕ ਕੈਟਾਗਿਰੀ ਦੇ ਹੱਕੀ ਮਸਲਿਆਂ ਨੂੰ ਹੱਲ ਨਹੀਂ ਕੀਤਾ ਜਾ ਰਿਹਾ। ਸਗੋਂ ਨਿੱਤ ਦਿਨ ਅਧਿਆਪਕਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਉੱਧਰ ਮਜਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਇਸ ਐਕਸ਼ਨ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਸਕੂਲਾਂ ਵਿੱਚ ਸਰਕਾਰ ਨੇ ਹੁਣ ਮੁੱਢਲੀਆਂ ਸਹੂਲਤਾਂ ਤੋਂ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਸਕੂਲਾਂ ਵਿੱਚ ਨਾ ਕੋਈ ਸਫਾਈ ਦਾ ਪ੍ਰਬੰਧ ਹੈ, ਨਾ ਪੀਣ ਵਾਲਾ ਸ਼ੁੱਧ ਪਾਣੀ, ਨਾ ਬੈਠਣ ਲਈ ਫਰਨੀਚਰ, ਨਾ ਹੀ ਉਹਨਾਂ ਦੇ ਬਣਦੇ ਵਜੀਫੇ ਪਿਛਲੇ ਲੰਮੇਂ ਸਮੇਂ ਤੋਂ ਦਿੱਤੇ ਜਾ ਰਹੇ ਹਨ ਅਤੇ ਹੋਰ ਵੀ ਦੁੱਖ ਦੀ ਗੱਲ ਕਿ ਇਸ ਵਾਰ ਸਾਰੀ ਸਰਦੀ ਲੰਘਣ ਦੇ ਬਾਵਜੂਦ ਵੀ ਵਿਦਿਆਰਥੀਆਂ ਲਈ ਵਰਦੀ ਨਹੀਂ ਆਈ।

                   ਮਾਨਸਾ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਇੰਦਰਜੀਤ ਸਿੰਘ ਮੋਡਾ, ਕੁਲਦੀਪ ਕੌਰ, ਬਲਤੇਜ ਸਿੰਘ, ਦਮਨਜੀਤ ਸਿੰਘ, ਜਸਵੀਰ ਕੌਰ, ਜਸਪਾਲ ਕੌਰ, ਹਰਪ੍ਰੀਤ ਕੌਰ, ਵਿਨੋਦ ਕੁਮਾਰ, ਗੁਰਵਿੰਦਰ ਸਿੰਘ ਲਾਲਿਆਂਵਾਲੀ, ਕਰਨਪਾਲ ਸਿੰਘ ਲਖਮੀਰਵਾਲਾ, ਧਰਮਿੰਦਰ ਸਿੰਘ ਹੀਰੇਵਾਲਾ, ਰਾਜੇਸ਼ ਕੁਮਾਰ, ਗੁਰਬਚਨ ਸਿੰਘ, ਜਗਦੀਪ ਸਿੰਘ ਰਮਦਿੱਤੇਵਾਲਾ, ਕੁਲਦੀਪ ਸਿੰਘ, ਹਰਵਿੰਦਰ ਸਿੰਘ, ਮਨਦੀਪ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਅਧਿਆਪਕਾਂ ਦੀਆਂ ਹੱਕੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਿੱਖਿਆ ਸਕੱਤਰ ਦੇ ਘਿਰਾਓ ਜਾਰੀ ਰਹਿਣਗੇ। ਸਿੱਖਿਆ ਸੰਘਰਸ ਕਮੇਟੀ ਦੇ ਆਗੂ ਅਮੋਲਕ ਡੇਲੂਆਣਾ, ਜਗਤਾਰ ਝੱਬਰ, ਹਰਪਾਲ ਕੌਰ ਗੇਹਲੇ, ਨਰਿੰਦਰ ਸਿੰਘ ਮਾਖਾ, ਗੁਰਜੰਟ ਬੋਹਾ ਨੇ ਅਧਿਆਪਕਾਂ ਨੂੰ ਸੱਦਾ ਦਿੱਤਾ ਕਿ ਉਹ 11 ਫਰਵਰੀ ਦੇ ਐਕਸ਼ਨ ਨੂੰ ਸਫਲ ਬਣਾਉਣ ਲਈ ਅੱਗੇ ਆਉਣ।


EDITED BY : SARA YAHA | | Last Updated : 5:37 pm 9 ਫ਼ਰਵਰੀ 2019

LEAVE A REPLY

Please enter your comment!
Please enter your name here