

ਫਗਵਾੜਾ 1 ਮਈ (ਸਾਰਾ ਯਹਾਂ/ਸ਼ਿਵ ਕੌੜਾ) ਜ਼ਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਸਥਾਨਕ ਕੇਜੀ ਰਿਜ਼ੋਰਟ ਵਿਖੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਲਵਿੰਦਰ ਸਿੰਘ ਧਾਲੀਵਾਲ ਐਮ.ਐਲ.ਏ. ਫਗਵਾੜਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅੰਮ੍ਰਿਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਅਤੇ 11 ਮਈ ਨੂੰ ਸੰਗਰੂਰ ਵਿੱਚ ਹੋਣ ਵਾਲੀ ਕਾਂਗਰਸ ਪਾਰਟੀ ਦੀ ਸੰਵਿਧਾਨ ਬਚਾਓ ਰੈਲੀ ਦੇ ਇੰਚਾਰਜ ਗੁਰਜੀਤ ਸਿੰਘ ਔਜਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਾਂਸਦ ਔਜਲਾ ਨੇ ਸਮੂਹ ਕਾਂਗਰਸ ਅਹੁਦੇਦਾਰਾਂ ਨੂੰ ਸੰਵਿਧਾਨ ਬਚਾਓ ਰੈਲੀ ਵਿੱਚ ਵੱਡੇ ਜੱਥਿਆਂ ਸਮੇਤ ਹਾਜਰੀ ਲਗਵਾਉਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਕਾਂਗਰਸ ਦੀ ਇਹ ਸੂਬਾ ਪੱਧਰੀ ਵਿਸ਼ਾਲ ਰੈਲੀ ਕੇਂਦਰ ਦੀ ਮੋਦੀ ਸਰਕਾਰ ਨੂੰ ਹਿਲਾ ਕੇ ਰੱਖ ਦੇਵੇਗੀ। ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਸਮੇਤ ਰਾਸ਼ਟਰੀ ਪੱਧਰ ਦੀ ਕਾਂਗਰਸ ਲੀਡਰਸ਼ਿਪ ਹਿੱਸਾ ਲਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਦੇਸ਼ ਵਿੱਚ ਸੱਤਾ ਸੰਭਾਲੀ ਹੈ, ਦੇਸ਼ ਦਾ ਸੰਵਿਧਾਨ ਖ਼ਤਰੇ ਵਿੱਚ ਪੈ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦਾ ਮੰਤਰੀ ਮੰਡਲ ਪੂਰੀ ਤਰ੍ਹਾਂ ਤਾਨਾਸ਼ਾਹੀ ਹੋ ਗਿਆ ਹੈ। ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਦੇ ਸੰਵਿਧਾਨਕ ਅਧਿਕਾਰਾਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ। ਸੰਸਦ ਵਿੱਚ ਬਹੁਮਤ ਦਾ ਫਾਇਦਾ ਉਠਾਉਂਦੇ ਹੋਏ, ਅਜਿਹੇ ਬਿੱਲ ਪਾਸ ਕੀਤੇ ਜਾ ਰਹੇ ਹਨ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ। ਇਸ ਲਈ, ਸੰਗਰੂਰ ਵਿੱਚ ਸੰਵਿਧਾਨ ਬਚਾਓ ਰੈਲੀ ਵਿੱਚ ਭਾਰੀ ਮੌਜੂਦਗੀ ਨਾਲ ਕੇਂਦਰ ਨੂੰ ਇੱਕ ਮਜ਼ਬੂਤ ਸੰਦੇਸ਼ ਦਿੱਤਾ ਜਾਵੇਗਾ। ਇਸ ਦੌਰਾਨ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਤੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੇਂਦਰ ਸਰਕਾਰ ਦੇ ਜਾਤੀ ਜਨਗਣਨਾ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਮੁੱਦੇ ਨੂੰ ਰਾਸ਼ਟਰੀ ਪੱਧਰ ’ਤੇ ਮਜਬੂਤੀ ਨਾਲ ਚੁੱਕਿਆ ਅਤੇ ਅਖੀਰ ਮੋਦੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜੋ ਹਰ ਪਲੇਟਫਾਰਮ ਤੋਂ ਕਹਿੰਦੇ ਸਨ ਕਿ ਭਾਰਤ ਵਿੱਚ ਚਾਰ ਜਾਤਾਂ ਹਨ – ਅਮੀਰ, ਗਰੀਬ, ਔਰਤਾਂ ਅਤੇ ਮਰਦ, ਉਨ੍ਹਾਂ ਨੂੰ ਆਖਰਕਾਰ ਇਹ ਸਵੀਕਾਰ ਕਰਨਾ ਪਿਆ ਕਿ ਦੇਸ਼ ਵਿੱਚ ਐਸਸੀ, ਐਸਟੀ, ਬੀਸੀ, ਓਬੀਸੀ ਵਰਗ ਦੀਆਂ ਬਹੁਤ ਸਾਰੀਆਂ ਜਾਤਾਂ ਹਨ ਜਿਨ੍ਹਾਂ ਦੀ ਜਨਗਣਨਾ ਸਮੇਂ ਦੀ ਲੋੜ ਹੈ। ਤਾਂ ਜੋ ਉਨ੍ਹਾਂ ਦੀ ਉਂਨਤੀ ਲਈ ਰਾਸ਼ਟਰੀ ਪੱਧਰ ’ਤੇ ਭਲਾਈ ਨੀਤੀਆਂ ਬਣਾਈਆਂ ਜਾ ਸਕਣ। ਧਾਲੀਵਾਲ ਨੇ ਕਿਹਾ ਕਿ ਸੰਗਰੂਰ ਰੈਲੀ ਤੋਂ ਪਹਿਲਾਂ ਫਗਵਾੜਾ ਜਾਂ ਕਪੂਰਥਲਾ ਵਿੱਚ ਵੀ ਜ਼ਿਲ੍ਹਾ ਪੱਧਰੀ ਰੈਲੀ ਕੀਤੀ ਜਾਵੇਗੀ ਤਾਂ ਜੋ ਕਾਂਗਰਸੀ ਵਰਕਰਾਂ ਵਿੱਚ ਸੰਗਰੂਰ ਰੈਲੀ ਪ੍ਰਤੀ ਜੋਸ਼ ਭਰਿਆ ਜਾ ਸਕੇ। ਇਸ ਮੀਟਿੰਗ ਵਿੱਚ ਫਗਵਾੜਾ ਤੋਂ ਇਲਾਵਾ ਕਪੂਰਥਲਾ, ਭੁੱਲਥ ਅਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਿਆਂ ਦੇ ਕਾਂਗਰਸ ਪਾਰਟੀ ਦੇ ਵੱਖ-ਵੱਖ ਸੈੱਲਾਂ ਦੇ ਅਹੁਦੇਦਾਰ ਮੋਜੂਦ ਸਨ।























