ਸੂਏ, ਨਹਿਰਾਂ ਵਿਚ ਜਾ ਰਹੇ ਘਰੇਲੂ ਪਾਣੀ ਤੇ ਡਿਪਟੀ ਕਮਿਸ਼ਨਰ ਨੇ ਲਿਆ ਨੋਟਿਸ

0
45

ਮਾਨਸਾ, 12 ਜੂਨ, (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਦੇ ਨਜ਼ਦੀਕੀ ਪਿੰਡ ਜਵਾਹਰਕੇ ਦੇ ਰਜਬਾਹੇ ਵਿਚ ਪੈ ਰਹੇ ਗੰਦੇ ਪਾਣੀ ਤੇ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਨਹਿਰੀ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਕਾਊਂਸਲ ਅਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਦੇ ਰਜਬਾਹੇ ਵਿਚ ਪੈ ਰਹੇ ਗੰਦੇ ਪਾਣੀ ਦਾ ਇਕ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਲੋਕਾਂ ਵੱਲੋਂ ਘਰਾਂ ਦਾ ਪਾਣੀ ਰਜਬਾਹੇ ਵਿਚ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰਜਬਾਹੇ ਵਿਚੋਂ ਮਾਨਸਾ ਦੇ ਵਾਟਰ ਵਰਕਸ ਅਤੇ ਆਸ ਪਾਸ ਦੇ ਪਿੰਡਾਂ ਨੂੰ ਪਾਣੀ ਮੁਹੱਈਆ ਹੁੰਦਾ ਹੈ ਜਿਸ ਕਾਰਨ ਇਸ ਪਾਣੀ ਨੂੰ ਜਹਿਰੀਲਾ ਹੋਣ ਤੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਇਸ ਸਬੰਧੀ ਸਮੂਹ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਜੁਆਇੰਟ ਸਰਵੇ ਕੀਤਾ ਜਾਵੇ ਅਤੇ ਨਹਿਰਾਂ, ਰਜਬਾਹਿਆਂ ਵਿਚ ਪੈਂਦੇ ਘਰੇਲੂ ਅਤੇ ਫੈਕਟਰੀਆਂ ਦੇ ਪਾਣੀ ਨੂੰ ਬੰਦ ਕੀਤਾ ਜਾਵੇ। 
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤਾਂ ਜੋ ਉਹ ਘਰਾਂ ਦਾ ਪਾਣੀ ਰਜਬਾਹਿਆਂ ਵਿਚ ਨਾ ਪਾਉਣ ਅਤੇ ਉਨ੍ਹਾਂ ਨੂੰ ਪਾਣੀ ਦੀ ਨਿਕਾਸੀ ਦਾ ਕੋਈ ਹੋਰ ਬਦਲ ਅਤੇ ਵਿਊਂਤਬੰਦੀ ਦੱਸੀ ਜਾਵੇ ਅਤੇ ਕਿਸੇ ਵੀ ਹਾਲਤ ਵਿਚ ਘਰਾਂ ਦਾ ਪਾਣੀ ਰਜਬਾਹੇ ਵਿਚ ਨਹੀਂ ਪੈਣਾਂ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਵੀ ਘਰੇਲੂ ਪਾਣੀ ਰਜਬਾਹਿਆਂ ਵਿਚ ਪਾਉਣਾਂ ਬੰਦ ਨਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਹਰ ਥਾਂ ਤੇ ਬੋਰਵੈੱਲ ਚੈੱਕ ਕੀਤੇ ਜਾਣ ਅਤੇ ਖੁੱਲ੍ਹੇ ਬੋਰਵੈੱਲਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤਾਂ ਜੋ ਕਿਸੇ ਤਰਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਪਾਣੀ ਦੀ ਸ਼ੁੱਧਤਾ ਅਤੇ ਸਪਲਾਈ ਵੱਲੋ ਵਿਸ਼ੇਸ਼ ਧਿਆਨ ਦਿੰਦੇ ਹੋਏ ਸਰਵੇ ਕੀਤਾ ਜਾਵੇ ਅਤੇ ਪਾਣੀ ਤੇ ਸੀਵਰੇਜ਼ ਦੇ ਗੈਰਕਾਨੂੰਨੀ ਕੁਨੈਕਸ਼ਨਾਂ ਦੀ ਮੋਨੀਟਰਿੰਗ ਕੀਤੀ ਜਾਵੇ।
ਇਸ ਮੌਕੇ ਐਕਸੀਅਨ ਨਹਿਰੀ ਵਿਭਾਗ ਸ੍ਰੀ ਕਰਤਾਰ ਚੰਦ, ਕਾਰਜਸਾਧਕ ਅਫ਼ਸਰ ਬਰੇਟਾ ਅਤੇ ਬੁਢਲਾਡਾ ਸ੍ਰੀ ਵਿਜੈ ਜਿੰਦਲ, ਕਾਰਜਸਾਧਕ ਅਫ਼ਸਰ ਮਾਨਸਾ ਸ੍ਰੀ ਗੁਰਦਾਸ ਸਿੰਘ, ਐਸ.ਡੀ.ਓ. ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖ਼ਦਰਸ਼ਨ ਗਿੱਲ, ਐਕਸੀਅਨ ਵਾਟਰ ਸਪਲਾਈ ਤੇ ਸੀਵਰੇਜ਼ ਬੋਰਡ ਸ੍ਰੀ ਐਸ.ਐਸ. ਢਿੱਲੋਂ ਮੌਜੂਦ ਸਨ।

LEAVE A REPLY

Please enter your comment!
Please enter your name here