ਮਾਨਸਾ 22 ਜੁਲਾਈ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਨਗਰ ਕੌਂਸਲ ਮਾਨਸਾ ਦੇ ਅਹੁਦੇਦਾਰਾਂ ਦੀ ਬੱਚਤ ਭਵਨ ਵਿਖੇ ਹੋਈ ਚੋਣ ਵਿੱਚ ਸੁਨੀਲ ਨੀਨੂੰ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ, ਜਦੋਂ ਕਿ ਸੀਨੀਅਰ ਮੀਤ ਪ੍ਰਧਾਨ ਲਈ ਵਿਸ਼ਾਲ ਜੈਨ ਗੋਲਡੀ ਤੇ ਮੀਤ ਪ੍ਰਧਾਨ ਲਈ ਦਵਿੰਦਰ ਜਿੰਦਲ ਦੀ ਚੋਣ ਕੀਤੀ ਗਈ ਹੈ।ਇਸਦੇ ਦੂਜੇ ਪਾਸੇ ਕੁਝ ਕੌਂਸਲਰਾਂ ਨੇ ਨਾਅਰੇਬਾਜ਼ੀ ਕਰਕੇ ਪ੍ਰਸ਼ਾਸਨ ਤੇ ਧੱਕੇਸ਼ਾਹੀ ਕਰਨ ਤੇ ਇਸ ਚੋਣ ਨੂੰ ਗਲਤ ਤਰੀਕੇ ਨਾਲ ਕਰਵਾਉਣ ਦੇ ਦੋਸ਼ ਲਾਏ ਹਨ। ਉਨਾਂ ਕਿਹਾ ਕਿ ਉਹ ਇਸ ਚੋਣ ਨੂੰ ਕਾਨੂੰਨੀ ਚੁਣੌਤੀ ਦੇਣਗੇ। ਐਸ.ਡੀ.ਐਮ ਮਾਨਸਾ ਕਾਲਾ ਰਾਮ ਕਾਂਸਲ ਦੀ ਅਗਵਾਈ ਚ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ,ਮੀਤ ਪ੍ਰਧਾਨ ਦੀ ਚੋਣ ਵੋਟਿੰਗ ਰਾਹੀਂ ਕਰਵਾਈ ਗਈ। ਜਿਸ ਵਿੱਚ ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਨੀਨੂੰ ਨੂੰ ਪ੍ਰਧਾਨ, ਵਿਸ਼ਾਲ ਜੈਨ ਗੋਲਡੀ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਦਵਿੰਦਰ ਜਿੰਦਲ ਮੀਤ ਪ੍ਰਧਾਨ ਚੁਣਿਆ ਗਿਆ। ਉਧਰ ਨਗਰ ਕੌਂਸਲ ਦੇ ਪ੍ਰਧਾਨ ਬਣੇ ਸੁਨੀਲ ਨੀਨੂ ਤੇ ਹੋਰਨਾਂ ਅਹੁਦੇਦਾਰਾਂ ਨੇ ਕਿਹਾ ਕਿ ਉਹ ਸ਼ਹਿਰ ਲਈ ਕੰਮ ਕਰਨ ਨੂੰ ਤਰਜੀਹ ਦੇਣਗੇ ਇੰਨਾਂ ਅਹੁਦਿਆਂ ਰਾਹੀਂ ਕੰਮ ਕਰਨ ਚ ਹੋਰ ਤੇਜੀ ਲਿਆ ਕੇ ਸਭਨਾਂ ਦਾ ਸਹਿਯੋਗ, ਸਾਥ ਬਣਾਕੇ ਰੱਖਣਗੇ।ਉਨਾਂ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਲੱਡੂ ਵੰਡੇ,ਗੁਲਾਲ ਖੇਡਕੇ ਖੁਸ਼ੀ ਮਨਾਈ।ਵਿਧਾਇਕ ਡਾ ਵਿਜੈ ਸਿੰਗਲਾ ਨੇ ਕਿਹਾ ਕਿ ਇਹ ਚੋਣ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ,ਕੋਈ ਧੱਕੇਸ਼ਾਹੀ ਨਹੀਂ ਹੋਈਂ। ਸਭ ਅਹੁਦੇਦਾਰ ਵਧੀਆ ਚੁਣੇ ਗਏ ਹਨ ਤੇ ਸ਼ਹਿਰ ਦੇ ਵਿਕਾਸ ਕੰਮ ਉਨਾਂ ਦੀ ਅਗਵਾਈ ਚ ਵਧੀਆ ਤੇ ਬਾਖੂਬੀ ਹੋਣਗੇ।